ਸੰਗਰੂਰ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਆਪਣੀ ਕਿਸਮ ਦੇ ਪਹਿਲੇ ਸਕੂਲ ਆਨ ਵੀਲਜ਼ ਪ੍ਰੋਗਰਾਮ ‘ਗਿਆਨ ਕਿਰਨਾਂ ਦੀ ਛੋਹ’ ਦੀ ਸ਼ੁਰੂਆਤ
ਵਿਧਾਇਕ ਨਰਿੰਦਰ ਕੌਰ ਭਰਾਜ ਅਤੇ DC ਜਤਿੰਦਰ ਜੋਰਵਾਲ ਨੇ ਵਿੱਦਿਅਕ ਟੂਰ ’ਤੇ 30 ਵਿਦਿਆਰਥੀਆਂ ਦੇ ਬੈਚ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ
ਸੰਗਰੂਰ : ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋੜਵੰਦਾਂ ਦੇ ਬੱਚਿਆਂ ਤੱਕ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਪੂਰੇ ਪੰਜਾਬ ਦੇ ਆਪਣੀ ਕਿਸਮ ਦੇ ਪਹਿਲੇ ਤੇ ਨਵੇਕਲੇ ਕਦਮ, ‘ਗਿਆਨ ਕਿਰਨਾਂ ਦੀ ਛੋਹ’ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਅੱਜ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਤਕਰੀਬਨ 30 ਬੱਚਿਆਂ ਦੇ ਪਹਿਲੇ ਬੈਚ ਨੂੰ ਵਿੱਦਿਅਕ ਟੂਰ ਲਈ ਇੱਕ ਖ਼ਾਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਬੱਸ ਨੂੰ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜਿਸ ਨੂੰ ‘ਸਕੂਲ ਆਨ ਵੀਲਜ਼’ ਦਾ ਨਾਂ ਦਿੱਤਾ ਗਿਆ ਹੈ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਇਹ ਉੱਦਮ ਕੀਤਾ ਗਿਆ ਹੈ ਜਿਸ ਤਹਿਤ ਪੂਰੇ ਜ਼ਿਲੇ ’ਚੋਂ ਲੋੜਵੰਦ ਪਰਵਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਵਿੱਦਿਆ ਤੋਂ ਵਿਰਵੇ ਬੱਚਿਆਂ ਨੂੰ ਮੁੱਢਲੀ ਸਕੂਲੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
ਉਨਾਂ ਕਿਹਾ ਕਿ ਇਸ ਬੱਸ ਵਿੱਚ ਇੱਕੋ ਵੇਲੇ 30 ਬੱਚਿਆਂ ਦੇ ਬੈਠਣ ਦੇ ਪ੍ਰਬੰਧ ਦੇ ਨਾਲ-ਨਾਲ ਰੰਗਾਂ ਵਾਲੀਆਂ ਕਿਤਾਬਾਂ, ਖਿਡਾਉਣੇ ਅਤੇ ਵੱਖ-ਵੱਖ ਜਾਣਕਾਰੀਆਂ ਵਾਲੇ ਚਾਰਟ ਵੀ ਲਾਏ ਗਏ ਹਨ। ਉਨਾਂ ਕਿਹਾ ਕਿ ਬੱਚਿਆਂ ’ਚ ਪੜਨ ਦੀ ਆਦਤ ਵਿਕਸਤ ਕਰਨ ਦੇ ਮਕਸਦ ਨਾਲ ਬੱਸ ਅੰਦਰ ਇੱਕ ਮਿੰਨੀ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ ਹੈ। ਉਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬੱਸ ’ਚ ਸੀਸੀਟੀਵੀ ਕੈਮਰਾ, ਅੱਗ ਬੁਝਾਊ ਯੰਤਰ ਅਤੇ ਮੁੱਢਲੀ ਸਹਾਇਤਾ ਵਾਲੀ ਕਿੱਟ ਦੀ ਵਿਵਸਥਾ ਵੀ ਕੀਤੀ ਗਈ ਹੈ।
ਜਤਿੰਦਰ ਜੋਰਵਾਲ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਝੁੱਗੀਆਂ-ਝੋਪੜੀਆਂ ’ਚ ਰਹਿਣ ਵਾਲੇ ਲੋਕਾਂ ਅਤੇ ਭਿਖਾਰੀਆਂ ਦੇ ਬੱਚਿਆਂ ਨੂੰ ਸਿੱਖਿਆ ਜ਼ਰੀਏ ਸਨਮਾਨਜਨਕ ਕੰਮਾਂ ਵੱਲ ਲੈ ਕੇ ਆਉਣਾ ਹੈ ਅਤੇ ‘ਸਕੂਲ ਆਨ ਵੀਲਜ਼’ ਨਾਂ ਦੀ ਇਹ ਬੱਸ ਰੋਜ਼ਾਨਾ ਅਜਿਹੇ ਇਲਾਕਿਆਂ ’ਚ ਭੇਜੀ ਜਾਵੇਗੀ ਜਿੱਥੇ ਬੱਚਿਆਂ ਨੂੰ ਵੱਖ-ਵੱਖ ਤਕਨੀਕਾਂ ਨਾਲ ਪੜਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਬੱਸ ਵਿੱਚ ਇੱਕ ਸਕੂਲ ਅਧਿਆਪਕ ਅਤੇ ਦੋ ਆਂਗਨਵਾੜੀ ਵਰਕਰਾਂ ਦੀ ਤੈਨਾਤੀ ਕੀਤੀ ਗਈ ਹੈ ਜੋ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਮੁਹੱਈਆ ਕਰਵਾਉਣਗੇ।
ਇਸ ਮੌਕੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪਹਿਲੀਆਂ ਗਰੰਟੀਆਂ ’ਚ ਇੱਕ ਨੂੰ ਪੂਰਾ ਕਰਨ ਦੇ ਮਕਸਦ ਨਾਲ ਚਲਾਇਆ ਗਿਆ ਹੈ ਅਤੇ ਉਨਾਂ ਦੀ ਸਰਕਾਰ ਬੱਚਿਆਂ ਨੂੰ ਘਰਾਂ ਦੇ ਨੇੜੇ ਹੀ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਉਨਾਂ ਕਿਹਾ ਕਿ ਇਸ ਕਦਮ ਜ਼ਰੀਏ ਬੱਚਿਆਂ ਨੂੰ ਇੱਕ ਚੰਗੇ ਨਾਗਰਿਕ ਬਣਨ ਦੇ ਨਾਲ-ਨਾਲ ਆਪਣੇ ਹੁਨਰ ਨਾਲ ਸਮਾਜ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ।