Olympic Games: ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਹਨ ‘ਓਲੰਪਿਕ ਖੇਡਾਂ’
Olympic Games: ਆਧੁਨਿਕ ਓਲੰਪਿਕ ਖੇਡਾਂ ਦੀ ਅਰੰਭਤਾ 1896 ਵਿਚ ਯੂਨਾਨ ਦੇ ਹੀ ਇਤਿਹਾਸਕ ਸ਼ਹਿਰ ਏਥਨਜ਼ ਵਿਖੇ ਹੋਈ ਸੀ
The biggest sporting events in the world are the Olympic Games: ਭਾਰਤੀ ਸਭਿਆਚਾਰ ਤੇ ਵਿਰਸੇ ਦੀ ਨਜ਼ਰ ਤੋਂ ਓਲੰਪਿਕ ਖੇਡਾਂ ਨੂੰ ‘ਖੇਡਾਂ ਦਾ ਮਹਾਂਕੁੰਭ’ ਕਿਹਾ ਜਾਂਦਾ ਹੈ ਤੇ ਇਸ ਵਾਰ ਦੀਆਂ ਓਲੰਪਿਕ ਖੇਡਾਂ 26 ਜੁਲਾਈ, 2024 ਤੋਂ ਪੈਰਿਸ ਵਿਖੇ ਆਯੋਜਤ ਕੀਤੀਆਂ ਗਈਆਂ ਸਨ। ਓਲੰਪਿਕ ਖੇਡਾਂ ਨਾਲ ਜੁੜੀਆਂ ਕਈ ਰੌਚਕ ਜਾਣਕਾਰੀਆਂ ਦੀ ਜੇ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ 776 ਈਸਾ ਪੂਰਵ ਯੂਨਾਨ ਦੇ ਓਲੰਪੀਆ ਪਿੰਡ ਵਿਖੇ ਸ਼ੁਰੂ ਹੋਈਆਂ ਇਹ ਖੇਡਾਂ 393 ਈਸਵੀ ਤਕ ਚਲਦੀਆਂ ਰਹੀਆਂ ਸਨ।
ਆਧੁਨਿਕ ਓਲੰਪਿਕ ਖੇਡਾਂ ਦੀ ਅਰੰਭਤਾ 1896 ਵਿਚ ਯੂਨਾਨ ਦੇ ਹੀ ਇਤਿਹਾਸਕ ਸ਼ਹਿਰ ਏਥਨਜ਼ ਵਿਖੇ ਹੋਈ ਸੀ। ਸੰਨ 1900 ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਮਹਿਲਾ ਖਿਡਾਰੀਆਂ ਨੂੰ ਭਾਗ ਲੈਣ ਦੀ ਇਜਾਜ਼ਤ ਮਿਲੀ ਸੀ। ‘ਪੰਜ ਛੱਲਿਆਂ’ ਦੇ ਚਿੰਨ੍ਹ ਵਾਲਾ ‘ਓਲੰਪਿਕ ਝੰਡਾ’ ਸੰਨ 1914 ਵਿਚ ਪ੍ਰਵਾਨ ਕੀਤਾ ਗਿਆ ਸੀ ਪਰ ਇਸ ਨੂੰ ਪਹਿਲੀ ਵਾਰ ਲਹਿਰਾਉਣ ਦੀ ਰਸਮ ਸੰਨ 1920 ਵਿਚ ਹੋਈਆਂ ‘ਬਰਲਿਨ ਓਲੰਪਿਕ ਖੇਡਾਂ’ ਦੌਰਾਨ ਅਦਾ ਕੀਤੀ ਗਈ ਸੀ।
ਇਸ ਝੰਡੇ ਵਿਚਲੇ ਪੰਜ ਛੱਲੇ ਵਿਸ਼ਵ ਦੇ ਵੱਡੇ ਹਿੱਸੇ ਤਕ ਪਹੁੰਚ ਕਰਦੇ ਪੰਜ ਮਹਾਂਦੀਪਾਂ - ਅਫ਼ਰੀਕਾ, ਅਮਰੀਕਾ, ਏਸ਼ੀਆ, ਯੂਰਪ ਅਤੇ ਓਸ਼ਨੀਆ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਚਿੰਨ੍ਹ ਦੀ ਪੇਸ਼ਕਸ਼ ਸ੍ਰੀ ਪੀ.ਡੀ. ਕਿਊਬਰਟਨ ਨੇ ਕੀਤੀ ਸੀ ਜਦਕਿ ਇਸ ਚਿੰਨ੍ਹ ਦੀ ਘਾੜਤ ਉਸ ਦੇ ਇਕ ਪਾਦਰੀ ਮਿੱਤਰ ਹੈਨਰੀ ਡਿਡੌਨ ਨੇ ਸੰਨ 1891 ਵਿਚ ਘੜੀ ਸੀ। ਸੰਨ 1920 ਵਿਚ ਹੀ ਇਨ੍ਹਾਂ ਖੇਡ ਮੁਕਾਬਲਿਆਂ ਵੇਲੇ ਓਲੰਪਿਕ ਸਹੁੰ ਚੁੱਕਣ ਦੀ ਰਸਮ ਸ਼ਾਮਲ ਕੀਤੀ ਗਈ ਸੀ ਜਦਕਿ ਓਲੰਪਿਕ ਮਸ਼ਾਲ ਬਾਲਣ ਦੀ ਸ਼ੁਰੂਆਤ ਸੰਨ 1929 ਵਿਚ ਕੀਤੀ ਗਈ ਸੀ। ਓਲੰਪਿਕ ਖੇਡਾਂ ਦੇ ਟੀ.ਵੀ. ਪ੍ਰਸਾਰਨ ਦੀ ਅਰੰਭਤਾ ਸੰਨ 1936 ਵਿਚ ਬਰਲਿਨ ਵਿਖੇ ਹੋਈਆਂ ‘ਸਮਰ ਓਲੰਪਿਕ ਖੇਡਾਂ’ ਰਾਹੀਂ ਹੋਈ ਸੀ ਪਰ ਇਹ ਪ੍ਰਸਾਰਨ ਕੇਵਲ ਸਥਾਨਕ ਲੋਕਾਂ ਲਈ ਹੀ ਉਪਲਬਧ ਕਰਵਾਇਆ ਗਿਆ ਸੀ ਜਦਕਿ ਸੰਨ 1956 ਵਿਚ ਇਟਲੀ ਵਿਖੇ ਕਰਵਾਈਆਂ ਗਈਆਂ ਓਲੰਪਿਕ ਖੇਡਾਂ ਦਾ ਪ੍ਰਸਾਰਨ ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਕੀਤਾ ਗਿਆ ਸੀ।
ਖ਼ਰਚੇ ਪੱਖੋਂ ਜੇਕਰ ਮਹਿੰਗੀਆਂ ਸਾਬਤ ਹੋਈਆਂ ਓਲੰਪਿਕ ਖੇਡਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਸਭ ਤੋਂ ਵੱਧ ਖ਼ਰਚਾ ਸੰਨ 2014 ਦੀਆਂ ‘ਵਿੰਟਰ ਓਲੰਪਿਕ ਖੇਡਾਂ’ ਉੱਤੇ ਹੋਇਆ ਸੀ ਜੋ ਕਿ ਤਕਰੀਬਨ 51 ਅਰਬ ਅਮਰੀਕੀ ਡਾਲਰ ਸੀ ਜਦਕਿ ਸਭ ਤੋਂ ਖ਼ਰਚੀਲੀਆਂ ‘ਸਮਰ ਓਲੰਪਿਕ ਖੇਡਾਂ’ ਚੀਨ ਦੇ ਬੀਜਿੰਗ ਵਿਖੇ ਸੰਨ 2008 ਵਿਚ ਹੋਈਆਂ ਸਨ ਜਿਨ੍ਹਾਂ ’ਤੇ ਤਕਰੀਬਨ 44 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਸਨ। ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਲਈ ਪ੍ਰਵਾਣਤ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰੈਂਚ ਹਨ। ਹੁਣ ਤਕ ਐਡੀ ਐਗਨ ਅਤੇ ਗਿੱਲਜ਼ ਗ੍ਰਾਫ਼ਸਟਰੌਮ ਨਾਮਕ ਕੇਵਲ ਦੋ ਹੀ ਅਜਿਹੇ ਅਥਲੀਟ ਹੋਏ ਹਨ ਜਿਨ੍ਹਾਂ ਨੇ ‘ਵਿੰਟਰ ਓਲੰਪਿਕਸ’ ਅਤੇ ‘ਸਮਰ ਓਲੰਪਿਕਸ’ ਦੋਵਾਂ ਵਿਚ ਹੀ ਸੋਨ ਤਗ਼ਮੇ ਜਿੱਤੇ ਹਨ। ਸਾਲ 2024 ਵਿਚ ਹੋਣ ਵਾਲੀਆਂ ‘33ਵੀਆਂ ਓਲੰਪਿਕ ਖੇਡਾਂ’ ਫ਼ਰਾਂਸ ਵਿਖੇ 26 ਜੁਲਾਈ ਨੂੰ ਸ਼ੁਰੂ ਹੋ ਕੇ 11 ਅਗੱਸਤ ਨੂੰ ਸਮਾਪਤ ਹੋਈਆਂ।