ਓਲੰਪਿਕ ਖੇਡਾਂ ’ਚ ਕ੍ਰਿਕਟ ਸਮੇਤ ਪੰਜ ਹੋਰ ਖੇਡਾਂ ਸ਼ਾਮਲ
ਨਵੀਂਆਂ ਖੇਡਾਂ ’ਚ ਸਕੁਐਸ਼, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਫਲੈਗ ਫੁੱਟਬਾਲ ਵੀ ਸ਼ਾਮਲ
ਲਾਸ ਏਂਜਲਸ ਓਲੰਪਿਕ 2028 ਦੌਰਾਨ ਟੀ-20 ਫ਼ਾਰਮੈਟ ’ਚ ਖੇਡਿਆ ਜਾਵੇਗਾ ਕ੍ਰਿਕੇਟ
ਮੁੰਬਈ: ਲਾਸ ਏਂਜਲਸ ਵਿਚ 2028 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਕ੍ਰਿਕਟ ਨੂੰ ਅਧਿਕਾਰਤ ਤੌਰ ’ਤੇ ਸ਼ਾਮਲ ਕਰ ਲਿਆ ਗਿਆ ਅਤੇ ਇਸ ਨੂੰ ਵਿਸ਼ਵ ਖੇਡ ਬਣਾਉਣ ਦੀ ਕੋਸ਼ਿਸ਼ ਵਿਚ ਪਹਿਲੇ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਓਲੰਪਿਕ ਖੇਡਾਂ ’ਚ ਕ੍ਰਿਕਟ ਟੀ-20 ਫਾਰਮੈਟ ’ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ, ਹੋਰ ਖੇਡਾਂ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਅਪਣੇ 141ਵੇਂ ਸੈਸ਼ਨ ’ਚ ਸ਼ਾਮਲ ਕਰਨ ਲਈ ਮਨਜ਼ੂਰੀ ਦੇ ਦਿਤੀ ਹੈ, ਉਨ੍ਹਾਂ ’ਚ ਸਕੁਐਸ਼, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਫਲੈਗ ਫੁੱਟਬਾਲ ਸ਼ਾਮਲ ਹਨ।
ਆਈ.ਓ.ਸੀ. ਨੇ ‘ਐਕਸ’ ’ਤੇ ਕਿਹਾ, ‘‘ਬੇਸਬਾਲ/ਸਾਫਟਬਾਲ, ਕ੍ਰਿਕਟ (ਟੀ-20), ਫਲੈਗ ਫੁੱਟਬਾਲ, ਲੈਕਰੋਸ (ਛੱਕੇ) ਅਤੇ ਸਕੁਐਸ਼ ਲਾਸ ਏਂਜਲਸ-2028 ਦੇ ਖੇਡ ਪ੍ਰੋਗਰਾਮ ਦਾ ਹਿੱਸਾ ਹੋਣਗੇ।’’ਲਾਸ ਏਂਜਲਸ-28 ਦੀ ਪ੍ਰਬੰਧਕੀ ਕਮੇਟੀ ਵਲੋਂ ਸਿਫ਼ਾਰਸ਼ ਕੀਤੀਆਂ ਪੰਜ ਖੇਡਾਂ ਨੂੰ ਸ਼ਾਮਲ ਕਰਨ ਦੇ ਪ੍ਰਸਤਾਵ ਦਾ ਆਈ.ਓ.ਸੀ. ਦੇ 99 ਮੈਂਬਰਾਂ ’ਚੋਂ ਸਿਰਫ਼ ਦੋ ਨੇ ਹੀ ਵੋਟਿੰਗ ਕਰ ਕੇ ਵਿਰੋਧ ਕੀਤਾ। ਉਨ੍ਹਾਂ ਨੂੰ ਕਾਰਜਕਾਰੀ ਬੋਰਡ ਦੀ ਸਿਫਾਰਸ਼ ’ਤੇ ਹੱਥ ਵਿਖਾ ਕੇ ਵੋਟ ਪਾਉਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ ਕ੍ਰਿਕਟ ਨੂੰ ਹੋਰ ਖੇਡਾਂ ਦੇ ਨਾਲ ਓਲੰਪਿਕ ’ਚ ਸ਼ਾਮਲ ਕਰਨ ਦਾ ਐਲਾਨ ਕੀਤਾ।
ਬਾਕ ਨੇ ਕਿਹਾ, ‘‘ਮੈਂ ਓਲੰਪਿਕ ਪ੍ਰੋਗਰਾਮ ’ਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ।’’ ਇਸ ਤੋਂ ਪਹਿਲਾਂ 1900 ਦੇ ਪੈਰਿਸ ਓਲੰਪਿਕ 'ਚ ਇੰਗਲੈਂਡ ਨੇ ਫਰਾਂਸ ਨੂੰ ਹਰਾਇਆ ਸੀ ਤਾਂ ਓਲੰਪਿਕ ’ਚ ਸਿਰਫ ਇਕ ਵਾਰ ਕ੍ਰਿਕਟ ਖੇਡੀ ਗਈ ਸੀ। ਭਾਰਤ ’ਚ ਕ੍ਰਿਕਟ ਦੀ ਮਸ਼ਹੂਰੀ ਦੇ ਮੱਦੇਨਜ਼ਰ, ਬੀ.ਸੀ.ਸੀ.ਆਈ. ਨੇ ਓਲੰਪਿਕ ’ਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਆਈ.ਸੀ.ਸੀ. ਦੇ ਮਤੇ ਦਾ ਸਮਰਥਨ ਕੀਤਾ। ਬੀ.ਸੀ.ਸੀ.ਆਈ. ਨੇ 2021 ’ਚ ਅਪਣੀ ਰਾਏ ਬਦਲੀ ਅਤੇ ਓਲੰਪਿਕ ’ਚ ਕ੍ਰਿਕਟ ਨੂੰ ਸ਼ਾਮਲ ਕਰਨ ਦਾ ਸਮਰਥਨ ਕੀਤਾ ਜਦੋਂ ਕਿ ਪਹਿਲਾਂ ਇਹ ਮਹਿਸੂਸ ਕਰਦਾ ਸੀ ਕਿ ਇਸ ਦੀ ਖੁਦਮੁਖਤਿਆਰੀ ਖੋਹ ਲਈ ਜਾਵੇਗੀ।
ਇਟਲੀ ਦੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਤੇ ਲਾਸ ਏਂਜਲਸ 28 ਦੇ ਖੇਡ ਨਿਰਦੇਸ਼ਕ ਨਿਕੋਲੋ ਕੈਮਪ੍ਰਿਆਨੀ ਨੇ ਵਿਰਾਟ ਕੋਹਲੀ ਦੀ ਪ੍ਰਸਿੱਧੀ ਦੀ ਮਿਸਾਲ ਦਿਤੀ ਹੈ। ਉਸ ਨੇ ਕਿਹਾ, ‘‘ਅਸੀਂ ਦੁਨੀਆ ਦੀ ਦੂਜੀ ਸਭ ਤੋਂ ਪ੍ਰਸਿੱਧ ਖੇਡ ਦਾ ਸਵਾਗਤ ਕਰਨ ਲਈ ਬਹੁਤ ਖੁਸ਼ ਹਾਂ, ਜਿਸ ਦੇ ਦੁਨੀਆ ਭਰ ’ਚ ਢਾਈ ਅਰਬ ਤੋਂ ਵੱਧ ਪ੍ਰਸ਼ੰਸਕ ਹਨ। ਤੁਹਾਡੇ ’ਚੋਂ ਕੁਝ ਸ਼ਾਇਦ ਸੋਚ ਰਹੇ ਹੋਣਗੇ ਕਿ ਲਾਸ ਏਂਜਲਸ ’ਚ ਕਿਉਂ? ਅਮਰੀਕਾ ’ਚ ਕ੍ਰਿਕਟ ਦੇ ਪ੍ਰਸਾਰ ਲਈ ਅਸੀਂ ਵਚਨਬੱਧ ਹਾਂ ਅਤੇ ਮੇਜਰ ਲੀਗ ਕ੍ਰਿਕਟ ਇਸ ਸਾਲ ਬਹੁਤ ਸਫਲ ਰਹੀ ਹੈ।’’
ਉਨ੍ਹਾਂ ਨੇ ਕਿਹਾ, ‘‘ਅਗਲੇ ਸਾਲ ਅਮਰੀਕਾ ਅਤੇ ਵੈਸਟਇੰਡੀਜ਼ ’ਚ ਟੀ-20 ਵਿਸ਼ਵ ਕੱਪ ਵੀ ਹੋਣਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਲਈ ਖੇਡ ਨੂੰ ਢੁਕਵਾਂ ਰੱਖਣ ਲਈ ਡਿਜੀਟਲ ਮੌਜੂਦਗੀ ਜ਼ਰੂਰੀ ਹੈ ਅਤੇ ਇੱਥੇ ਮੇਰੇ ਦੋਸਤ ਵਿਰਾਟ (ਕੋਹਲੀ) ਦੇ ਸੋਸ਼ਲ ਮੀਡੀਆ ’ਤੇ 34 ਕਰੋੜ ਤੋਂ ਵੱਧ ਫਾਲੋਅਰਜ਼ ਹਨ। ਉਹ ਦੁਨੀਆ ’ਚ ਤੀਜੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਅਥਲੀਟ ਹਨ।’’
ਥਾਮਸ ਬਾਕ ਨੇ ਕਿਹਾ, ‘‘ਇਹ ਪੰਜ ਖੇਡਾਂ ਅਮਰੀਕਾ ਦੇ ਖੇਡ ਸਭਿਆਚਾਰ ਨੂੰ ਧਿਆਨ ’ਚ ਰਖਦਿਆਂ ਅਤੇ ਅੰਤਰਰਾਸ਼ਟਰੀ ਖੇਡਾਂ ਨੂੰ ਅਮਰੀਕਾ ’ਚ ਲਿਆਉਣ ਲਈ ਚੁਣੀਆਂ ਗਈਆਂ ਹਨ।’’ ਆਈ.ਸੀ.ਸੀ. ਨੇ ਇਕ ਬਿਆਨ ’ਚ ਕਿਹਾ, ‘‘ਕ੍ਰਿਕਟ ਨੂੰ 1900 ਤੋਂ ਬਾਅਦ ਪਹਿਲੀ ਵਾਰ ਓਲੰਪਿਕ ’ਚ ਸ਼ਾਮਲ ਕੀਤਾ ਗਿਆ ਹੈ। ਆਈ.ਸੀ.ਸੀ. ਨੇ ਇਕ ਮਤਾ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ ਜੋ ਓਲੰਪਿਕ ਮੁੱਲਾਂ ਨਾਲ ਮੇਲ ਖਾਂਦਾ ਹੈ ਜਦੋਂ ਕਿ ਅਥਲੀਟਾਂ, ਪ੍ਰਸ਼ੰਸਕਾਂ, ਭਾਈਵਾਲਾਂ ਅਤੇ ਸਥਾਨਕ ਲੋਕਾਂ ਲਈ ਇਕ ਵਧੀਆ ਅਨੁਭਵ ਪ੍ਰਦਾਨ ਕਰਦਾ ਹੈ।’’