Women's Test Cricket: ਮਹਿਲਾ ਟੈਸਟ 'ਚ ਭਾਰਤ ਦੀ ਵੱਡੀ ਜਿੱਤ, ਇੰਗਲੈਂਡ ਨੂੰ 347 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਦੀਪਤੀ ਬਣੀ 'ਪਲੇਅਰ ਆਫ਼ ਦਿ ਮੈਚ' 

Women's Test Ccricket

Women's Test Cricket - ਭਾਰਤੀ ਮਹਿਲਾ ਟੀਮ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਇੰਗਲੈਂਡ ਖਿਲਾਫ਼ ਇਕਲੌਤੇ ਟੈਸਟ ਮੈਚ 'ਚ ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਦਿੱਤਾ ਹੈ। ਨਾਲ ਹੀ ਮਹਿਲਾ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਦੌੜਾਂ ਦੇ ਮਾਮਲੇ 'ਚ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ 1998 'ਚ ਪਾਕਿਸਤਾਨ ਨੂੰ 309 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 1972 'ਚ ਦੱਖਣੀ ਅਫਰੀਕਾ ਨੂੰ 188 ਦੌੜਾਂ ਨਾਲ ਹਰਾਇਆ ਸੀ।

ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਇੰਗਲੈਂਡ ਨੂੰ ਉਸ ਦੇ ਘਰੇਲੂ ਮੈਦਾਨ 'ਚ ਕਿਸੇ ਟੈਸਟ 'ਚ ਹਰਾਇਆ। ਭਾਰਤੀ ਮਹਿਲਾ ਟੀਮ ਦੀ ਇੰਗਲੈਂਡ ਖਿਲਾਫ ਇਹ ਕੁੱਲ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ 2006 'ਚ ਟਾਊਨਟਨ ਅਤੇ 2014 'ਚ ਵਰਮਸਲੇ 'ਚ ਜਿੱਤ ਦਰਜ ਕੀਤੀ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਪਹਿਲੀ ਪਾਰੀ ਵਿਚ 428 ਦੌੜਾਂ ਬਣਾਈਆਂ ਸਨ।

ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 136 ਦੌੜਾਂ 'ਤੇ ਢੇਰ ਹੋ ਗਈ ਸੀ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 292 ਦੌੜਾਂ ਦੀ ਬੜ੍ਹਤ ਮਿਲ ਗਈ। ਟੀਮ ਇੰਡੀਆ ਨੇ ਦੂਜੀ ਪਾਰੀ 'ਚ 6 ਵਿਕਟਾਂ 'ਤੇ 186 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਤਰ੍ਹਾਂ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਮਿਲਿਆ। 479 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 136 ਦੌੜਾਂ 'ਤੇ ਸਿਮਟ ਗਈ।

ਦੀਪਤੀ ਸ਼ਰਮਾ ਪਲੇਅਰ ਆਫ ਦਿ ਮੈਚ ਰਹੀ। ਦੀਪਤੀ ਨੇ ਦੋਵੇਂ ਪਾਰੀਆਂ ਮਿਲਾ ਕੇ 9 ਵਿਕਟਾਂ ਲਈਆਂ। ਦੀਪਤੀ ਨੇ ਪਹਿਲੀ ਪਾਰੀ ਵਿਚ 1.27 ਦੀ ਇਕਾਨਮੀ ਰੇਟ ਨਾਲ 5.3 ਓਵਰਾਂ ਵਿਚ 7 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਜਦੋਂਕਿ ਦੂਜੀ ਪਾਰੀ ਵਿਚ ਦੀਪਤੀ ਸ਼ਰਮਾ ਨੇ 8 ਓਵਰਾਂ ਵਿਚ 32 ਦੌੜਾਂ ਦੇ ਕੇ 4 ਦੇ ਇਕਾਨਮੀ ਰੇਟ ਨਾਲ 4 ਵਿਕਟਾਂ ਲਈਆਂ। ਦੂਜੀ ਪਾਰੀ ਵਿਚ ਪੂਜਾ ਵਸਤਰਕਾਰ ਨੇ 4 ਓਵਰਾਂ ਵਿਚ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜਦਕਿ ਰਾਜੇਸ਼ਵਰੀ ਗਾਇਕਵਾੜ ਨੇ 5.3 ਓਵਰਾਂ 'ਚ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। 

ਭਾਰਤੀ ਮਹਿਲਾ ਟੀਮ 9 ਸਾਲ ਬਾਅਦ ਘਰੇਲੂ ਮੈਦਾਨ 'ਤੇ ਟੈਸਟ ਮੈਚ ਖੇਡਣ ਆਈ। ਇਸ ਤੋਂ ਪਹਿਲਾਂ 2014 'ਚ ਟੀਮ ਇੰਡੀਆ ਨੇ ਦੱਖਣੀ ਅਫ਼ਰੀਕਾ ਖਿਲਾਫ਼ ਘਰੇਲੂ ਧਰਤੀ 'ਤੇ ਟੈਸਟ ਖੇਡਿਆ ਸੀ। ਹਾਲਾਂਕਿ ਇੰਗਲੈਂਡ ਖਿਲਾਫ਼ ਟੈਸਟ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਅਗਲੇ ਟੈਸਟ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। 5 ਦਿਨਾਂ ਬਾਅਦ 21 ਦਸੰਬਰ ਤੋਂ ਵਾਨਖੇੜੇ 'ਤੇ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਟੈਸਟ ਮੈਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਹੋਵੇਗੀ। 

(For more news apart from Women's Test Cricket, stay tuned to Rozana Spokesman)