Punjab Kings ਨੇ ਕਪਤਾਨ ਸ਼੍ਰੇਯਸ ਅਈਅਰ ਸਮੇਤ 21 ਖਿਡਾਰੀਆਂ ਨੂੰ ਕੀਤਾ ਰਿਟੇਨ
ਗਲੇਨ ਮੈਕਸਵੈਲ ਤੇ ਜੋਸ਼ ਇੰਗਲਿਸ਼ ਸਮੇਤ ਪੰਜ ਖਿਡਾਰੀਆਂ ਨੂੰ ਕੀਤਾ ਰਿਲੀਵ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਆਪਣੀ ਟੀਮ ਵਿੱਚ ਵੱਡੇ ਬਦਲਾਅ ਕੀਤੇ ਹਨ। ਫ੍ਰੈਂਚਾਇਜ਼ੀ ਨੇ ਜਿੱਥੇ ਕਈ ਮੁੱਖ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਉੱਥੇ ਕੁਝ ਚਰਚਿਤ ਨਾਵਾਂ ਨੂੰ ਰਿਲੀਜ਼ ਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੇ ਪਰਸ ਵਿੱਚ ਹੁਣ 11.50 ਕਰੋੜ ਰੁਪਏ ਬਚੇ ਹਨ, ਜਿਸ ਨਾਲ ਟੀਮ ਅੱਜ ਹੋਣ ਵਾਲੀ ਨਿਲਾਮੀ ਵਿੱਚ ਨਵੇਂ ਖਿਡਾਰੀਆਂ ਉੱਤੇ ਦਾਅ ਲਗਾਏਗੀ।
ਪੰਜਾਬ ਕਿੰਗਜ਼ ਨੇ ਕਪਤਾਨ ਸ਼੍ਰੇਯਸ ਅਈਅਰ ਸਮੇਤ 21 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਦਕਿ ਪੰਜ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਰਿਲੀਜ਼ ਕੀਤੇ ਗਏ ਖਿਡਾਰੀਆਂ ਵਿੱਚ ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਅਤੇ ਜੋਸ਼ ਇੰਗਲਿਸ ਦੇ ਨਾਮ ਸ਼ਾਮਲ ਹਨ। ਪਿਛਲੇ ਸੀਜ਼ਨ ਵਿੱਚ ਮੈਕਸਵੈੱਲ ਨੂੰ ਪੰਜਾਬ ਕਿੰਗਜ਼ ਨੇ 4.2 ਕਰੋੜ ਅਤੇ ਜੋਸ਼ ਇੰਗਲਿਸ ਨੂੰ 2.6 ਕਰੋੜ ਵਿੱਚ ਖਰੀਦਿਆ ਸੀ।
ਪੰਜਾਬ ਕਿੰਗਜ਼ ਨੇ ਕਪਤਾਨ ਸ਼੍ਰੇਯਸ ਅਈਅਰ ਉੱਤੇ ਸਭ ਤੋਂ ਵੱਧ ਭਰੋਸਾ ਜਤਾਇਆ ਹੈ। ਉਨ੍ਹਾਂ ਨੂੰ 26.75 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਸਪਿੰਨਰ ਯੁਜਵੇਂਦਰ ਚਹਿਲ ਨੂੰ 18-18 ਕਰੋੜ ਰੁਪਏ ਵਿੱਚ ਟੀਮ ਨੇ ਆਪਣੇ ਨਾਲ ਬਣਾਏ ਰੱਖਿਆ ਹੈ। ਇਸ ਤੋਂ ਇਲਾਵਾ ਮਾਰਕਸ ਸਟੋਇਨਿਸ, ਮਾਰਕੋ ਜੈਨਸਨ, ਸ਼ਸ਼ਾਂਕ ਸਿੰਘ, ਨੇਹਾਲ ਵਡੇਰਾ, ਪ੍ਰਭਸਿਮਰਨ ਸਿੰਘ, ਪ੍ਰਿਆਂਸ਼ ਆਰੀਆ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਲੌਕੀ ਫਰਗੂਸਨ, ਯਸ਼ ਠਾਕੁਰ, ਕੁੱਲ ਮਿਲਾ ਕੇ 21 ਖਿਡਾਰੀ ਦਾ ਨਾਂ ਸ਼ਾਮਲ ਹੈ। ਜਿਨ੍ਹਾਂ ਖਿਡਾਰੀਆਂ ਨੂੰ ਰਿਲੀਵ ਕੀਤਾ ਗਿਆ ਹੈ ਉਨ੍ਹਾਂ ’ਚ ਗਲੇਨ ਮੈਕਸਵੈੱਲ, ਜੋਸ਼ ਇੰਗਲਿਸ, ਐਰਨ ਹਾਰਡੀ, ਕੁਲਦੀਪ ਸੈਨ, ਪ੍ਰਵੀਨ ਦੁਬੇ ਦਾ ਨਾਂ ਸ਼ਾਮਲ ਹੈ।
ਰਿਟੈਂਸ਼ਨ ਪ੍ਰਕਿਰਿਆ ਤੋਂ ਬਾਅਦ ਪੰਜਾਬ ਕਿੰਗਜ਼ ਦੇ ਪਰਸ ਵਿੱਚ ਹੁਣ 11.50 ਕਰੋੜ ਰੁਪਏ ਬਚੇ ਹਨ। ਅਜਿਹੇ ਵਿੱਚ ਅੱਜ ਆਉਣ ਵਾਲੀ ਨਿਲਾਮੀ ਵਿੱਚ ਪੰਜਾਬ ਕਿੰਗਜ਼ 6 ਨਵੇਂ ਖਿਡਾਰੀ ਖਰੀਦੇਗੀ। ਇਸ ਵਿੱਚ ਵੀ ਉਹ ਅਜਿਹੇ ਖਿਡਾਰੀਆਂ ਉੱਤੇ ਦਾਅ ਲਗਾਏਗੀ ਜਿਨ੍ਹਾਂ ਦੀ ਟੀਮ ਨੂੰ ਲੋੜ ਹੈ।