ਇਕ ਵਾਰ ਸੇਵਾ ਕਰਨ ਦਾ ਮੌਕਾ ਦੇਵੋ, ਸਾਡੀ ਸਰਕਾਰ ਪੰਜਾਬ ਨੂੰ ਅੱਗੇ ਲੈ ਕੇ ਜਾਵੇਗੀ- PM ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

'ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਪਾਏ'

PM modi

 

ਫਾਜ਼ਿਲਕਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ-2022 ਲਈ ਪ੍ਰਚਾਰ ਆਖਰੀ ਪੜਾਅ ਵਿੱਚ ਹੈ। ਅਜਿਹੇ 'ਚ ਪਾਰਟੀਆ ਪੱਬਾਂ ਭਾਰ ਹਨ ਅਤੇ ਦਿੱਗਜਾਂ ਵੱਲੋਂ ਚੋਣ ਪ੍ਰਚਾਰ 'ਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਤਿੰਨ ਦਿਨਾਂ ਪੰਜਾਬ ਦੌਰੇ 'ਤੇ ਪੀਐੱਮ ਮੋਦੀ ਵੱਲੋਂ ਅੱਜ ਫਾਜ਼ਿਲਕਾ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਵਾਲੇ ਰਸਤੇ 'ਤੇ ਲੈ ਕੇ ਜਾਣ ਵਾਲੀ ਸਰਕਾਰ ਦੀ ਲੋੜ ਹੈ ਅਤੇ ਪੰਜਾਬ ਨੂੰ ਇਹ ਖੁਸ਼ਹਾਲੀ ਭਾਜਪਾ ਦੇ ਰਾਜ ਵਿੱਚ ਹੀ ਮਿਲ ਸਕਦੀ ਹੈ।

 

ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੂਰਾ ਪੰਜਾਬ ਡਬਲ ਇੰਜਣ ਵਾਲੀ ਸਰਕਾਰ ਚਾਹੁੰਦਾ ਹੈ। ਜੇ ਪੰਜਾਬ ਵਿੱਚ ਡਬਲ ਇੰਜਣ ਵਾਲੀ ਭਾਜਪਾ ਦੀ ਸਰਕਾਰ ਆਈ ਤਾਂ ਸੂਬੇ ਵਿੱਚੋਂ ਮਾਫੀਆ ਰਾਜ ਦੀ ਪੱਕੀ ਵਿਦਾਇਗੀ ਹੋਵੇਗੀ। ਹੁਣ ਪੰਜਾਬ ਨੂੰ ਨਵੇਂ ਵਿਜ਼ਨ ਵਾਲੀ ਸਰਕਾਰ ਦੀ ਲੋੜ ਹੈ। ਪੀਐੱਮ ਮੋਦੀ ਨੇ ਕਾਂਗਰਸ ਉਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਦੇਸ਼ ਦੇ ਕਈ ਅਜਿਹੇ ਸੂਬੇ ਹਨ ਜਿੱਥੇ ਕਾਂਗਰਸ ਇੱਕ ਵਾਰ ਗਈ, ਪਰ ਵਾਪਸ ਨਹੀਂ ਆਈ ਅਤੇ ਜਿੱਥੇ ਭਾਜਪਾ ਨੂੰ ਆਸ਼ੀਰਵਾਦ ਮਿਲਿਆ, ਉੱਥੇ ਕਾਂਗਰਸ ਦਾ ਸਫਾਇਆ ਹੋ ਗਿਆ।

 

ਇਸ ਦਹਾਕੇ ਵਿੱਚ ਪੰਜਾਬ ਦਾ ਤੇਜ਼ੀ ਨਾਲ ਵਿਕਾਸ ਹੀ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਪੰਜਾਬ ਵਿੱਚ ਇਹ ਮੇਰੀ ਆਖਰੀ ਮੁਲਾਕਾਤ ਹੈ। ਮੈਂ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਗਿਆ ਹਾਂ। ਅੱਜ ਪੂਰੇ ਪੰਜਾਬ ਵਿੱਚ ਇੱਕ ਹੀ ਭਾਜਪਾ ਦੀ ਜਿੱਤ  ਦੇ ਹੱਕ ਵਿੱਚ ਆਵਾਜ਼ ਆ ਰਹੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾ ਧੋਖਾ ਦਿੱਤਾ ਹੈ । ਸਾਡੇ ਸਮੇਂ ਵਿੱਚ ਅਨਾਜ ਦੀ ਰਿਕਾਰਡ ਖਰੀਦ ਹੋਈ। ਕਿਸਾਨਾਂ ਨੂੰ ਬਿਹਤਰ ਫ਼ਸਲ, ਘੱਟ ਲਾਗਤ ਅਤੇ ਬਿਹਤਰ ਕੀਮਤ ਦੀ ਲੋੜ ਹੈ।

 

ਜਿਸ ਲਈ ਸਾਡੀ ਸਰਕਾਰ ਬੀਜ ਤੋਂ ਬਾਜ਼ਾਰ ਤੱਕ ਨਵੀਂ ਵਿਵਸਥਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 3700 ਕਰੋੜ ਰੁਪਏ ਸਿੱਧੇ-ਸਿੱਧੇ ਕਿਸਾਨਾਂ ਦੇ ਬੈਂਕ ਦੇ ਖਾਤਿਆਂ ਵਿਚ ਜਮ੍ਹਾਂ ਹੋਇਆ ਹੈ। ਜਿਸ ਦਾ ਲਾਭ ਪੰਜਾਬ ਦੇ ਕਰੀਬ 23 ਲੱਖ ਕਿਸਾਨਾਂ ਨੂੰ ਮਿਲਿਆ ਹੈ।

ਪੀਐਮ ਨੇ ਕਿਹਾ ਕਿ ਦੇਸ਼ ਵਿੱਚ ਹਰ ਜਗ੍ਹਾ ਆਯੂਸ਼ਮਾਨ ਭਾਰਤ ਯੋਜਨਾ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਦਿੱਲੀ ਸਰਕਾਰ ਇਸ ਯੋਜਨਾ ਨਾਲ ਜੁੜੀ ਨਹੀਂ ਹੈ, ਇਸ ਲਈ 5 ਲੱਖ ਤੱਕ ਦੇ ਨਕਦ ਰਹਿਤ ਇਲਾਜ ਦੀ ਕੋਈ ਸਹੂਲਤ ਨਹੀਂ ਹੈ। ਜੇਕਰ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਿੱਚ ਮੈਡੀਕਲ ਸਹੂਲਤਾਂ ਮਿਲਦੀਆਂ ਹਨ ਤਾਂ ਉਨ੍ਹਾਂ ਦੇ ਢਿੱਡ ਵਿੱਚ ਚੂਹੇ ਕਿਉਂ ਦੌੜ ਰਹੇ ਹਨ। ਜਿਹੜੇ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦੇ ਰਹੇ, ਉਹ ਪੰਜਾਬ ਵਿੱਚ ਵੋਟਾਂ ਕਿਉਂ ਮੰਗ ਰਹੇ ਹਨ?