5 ਦੇਸ਼ਾਂ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਨੇ ਪਾਕਿਸਤਾਨ ਸਰਕਾਰ ਨੂੰ ਲਿਖਿਆ ਪੱਤਰ
ਜੇਲ੍ਹ ’ਚ ਬੰਦ ਸਾਬਕਾ ਕ੍ਰਿਕਟਰ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਲਾਜ ਦੀ ਕੀਤੀ ਮੰਗ
ਨਵੀਂ ਦਿੱਲੀ : 5 ਦੇਸ਼ਾਂ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਖਰਾਬ ਸਿਹਤ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਜੇਲ੍ਹ ਵਿੱਚ ਬੰਦ 73 ਸਾਲਾ ਇਮਰਾਨ ਦਾ ਸਹੀ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ।
ਇਸ ਪੱਤਰ 'ਤੇ ਸੁਨੀਲ ਗਾਵਸਕਰ, ਕਪਿਲ ਦੇਵ, ਗ੍ਰੇਗ ਚੈਪਲ, ਬੇਲਿੰਡਾ ਕਲਾਰਕ, ਮਾਈਕਲ ਐਥਰਟਨ, ਨਾਸਿਰ ਹੁਸੈਨ, ਇਆਨ ਚੈਪਲ, ਐਲਨ ਬਾਰਡਰ, ਮਾਈਕਲ ਬ੍ਰੇਅਰਲੀ, ਡੇਵਿਡ ਗਾਵਰ, ਕਿਮ ਹਿਊਜ, ਕਲਾਈਵ ਲੋਇਡ, ਸਟੀਵ ਵਾ ਅਤੇ ਜੌਨ ਰਾਈਟ ਨੇ ਦਸਤਖਤ ਕੀਤੇ ਹਨ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਕਿਸੇ ਵੀ ਸਾਬਕਾ ਪਾਕਿਸਤਾਨੀ ਕਪਤਾਨ ਨੇ ਇਸ ਪੱਤਰ 'ਤੇ ਦਸਤਖਤ ਨਹੀਂ ਕੀਤੇ ਹਨ। ਹਾਲਾਂਕਿ ਪਿਛਲੇ ਹਫ਼ਤੇ ਵਸੀਮ ਅਕਰਮ, ਵਕਾਰ ਯੂਨਿਸ ਅਤੇ ਸ਼ਾਹਿਦ ਅਫਰੀਦੀ ਸਮੇਤ ਕਈ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ 'ਤੇ ਇਮਰਾਨ ਲਈ ਸਹੀ ਇਲਾਜ ਦੀ ਮੰਗ ਕੀਤੀ ਸੀ।