IML News : ਮਾਸਟਰਜ਼ ਲੀਗ ਦੇ ਫ਼ਾਈਨਲ ਮੈਚ ’ਚ ਯੁਵਰਾਜ ਸਿੰਘ ਤੇ ਟੀਨੋ ਬੈਸਟ ਵਿਚਾਲੇ ਤਿੱਖੀ ਬਹਿਸ
IML News : ਹਾਰ ਨੂੰ ਦੇਖ ਕੇ ਵੈਸਟ ਇੰਡੀਜ਼ ਦੇ ਖਿਡਾਰੀ ਨੂੰ ਆਇਆ ਸੀ ਗੁੱਸਾ
Yuvraj Singh and Tino Best had a heated argument in the final match of the Masters League News in Punjabi : ਇੰਟਰਨੈਸ਼ਨਲ ਮਾਸਟਰਜ਼ ਲੀਗ ਟੀ-20 ਦੇ ਫ਼ਾਈਨਲ ਵਿਚ ਇੰਡੀਆ ਮਾਸਟਰਜ਼ ਦੇ ਆਲਰਾਊਂਡਰ ਯੁਵਰਾਜ ਸਿੰਘ ਅਤੇ ਵੈਸਟ ਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਟੀਨੋ ਬੈਸਟ ਵਿਚਕਾਰ ਤਿੱਖੀ ਬਹਿਸ ਹੋਈ। ਅੰਪਾਇਰਾਂ ਅਤੇ ਕਪਤਾਨ ਨੇ ਮਿਲ ਕੇ ਦਖ਼ਲ ਦਿਤਾ ਤੇ ਪੂਰੇ ਮਾਮਲੇ ਨੂੰ ਸਾਂਤ ਕਰਵਾਇਆ। ਇੰਡੀਆ ਮਾਸਟਰਜ਼ ਨੇ ਫ਼ਾਈਨਲ ਵਿਚ ਵੈਸਟ ਇੰਡੀਜ਼ ਮਾਸਟਰਜ਼ ਨੂੰ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ ਦਾ ਖ਼ਿਤਾਬ ਜਿਤਿਆ।
ਮੈਚ ਦੀ ਦੂਜੀ ਪਾਰੀ ਦੌਰਾਨ, 13ਵੇਂ ਓਵਰ ਤੋਂ ਬਾਅਦ ਯੁਵਰਾਜ ਅਤੇ ਟੀਨੋ ਵਿਚਕਾਰ ਤਿੱਖੀ ਬਹਿਸ ਹੋ ਗਈ। ਵੈਸਟ ਇੰਡੀਜ਼ ਦਾ ਤੇਜ਼ ਗੇਂਦਬਾਜ਼ ਅਪਣਾ ਓਵਰ ਪੂਰਾ ਕਰਨ ਤੋਂ ਬਾਅਦ ਮੈਦਾਨ ਛੱਡਣਾ ਚਾਹੁੰਦਾ ਸੀ। ਹਾਲਾਂਕਿ, ਯੁਵਰਾਜ ਨੇ ਅੰਪਾਇਰ ਨੂੰ ਇਸ ਮੁੱਦੇ ਬਾਰੇ ਦਸਿਆ ਅਤੇ ਟੀਨੋ ਨੂੰ ਮੈਦਾਨ ਵਿਚ ਵਾਪਸ ਜਾਣਾ ਪਿਆ, ਜਿਸ ਨਾਲ ਉਹ ਗੁੱਸੇ ਵਿਚ ਆ ਗਿਆ। ਨਤੀਜੇ ਵਜੋਂ, ਉਹ ਯੁਵਰਾਜ ਵੱਲ ਵਧਿਆ ਅਤੇ ਦੋਵਾਂ ਵਿਚਕਾਰ ਬਹਿਸ ਹੋ ਗਈ।
ਦੋਵਾਂ ਨੂੰ ਇਕ ਦੂਜੇ ਵੱਲ ਉਂਗਲਾਂ ਉਠਾਉਂਦੇ ਅਤੇ ਕੁੱਝ ਕਠੋਰ ਸ਼ਬਦਾਂ ਦੀ ਵਰਤੋਂ ਕਰਦੇ ਦੇਖਿਆ ਗਿਆ। ਸਥਿਤੀ ਨੂੰ ਗੰਭੀਰ ਹੁੰਦੇ ਦੇਖ ਕੇ, ਅੰਪਾਇਰਾਂ ਅਤੇ ਵੈਸਟ ਇੰਡੀਜ਼ ਮਾਸਟਰਜ਼ ਦੇ ਕਪਤਾਨ ਬ੍ਰਾਇਨ ਲਾਰਾ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਦਖ਼ਲ ਦਿਤੀ। ਇਸ ਤੋਂ ਬਾਅਦ ਅੰਬਾਤੀ ਰਾਇਡੂ ਵਲੋਂ ਯੁਵਰਾਜ ਸਿੰਘ ਨੂੰ ਵੱਖ ਕਰਦੇ ਹੋਏ ਦੇਖਿਆ ਗਿਆ। ਇਸ ਦੀ ਵੀਡੀਉ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਫ਼ਾਈਨਲ ਮੈਚ ਦੀ ਗੱਲ ਕਰੀਏ ਤਾਂ ਵੈਸਟ ਇੰਡੀਜ਼ ਮਾਸਟਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿਚ 148/7 ਦੌੜਾਂ ਬਣਾਈਆਂ। ਲੈਂਡਲ ਸਿਮੰਸ (41 ਗੇਂਦਾਂ 'ਤੇ 57 ਦੌੜਾਂ) ਅਤੇ ਡਵੇਨ ਸਮਿਥ (35 ਗੇਂਦਾਂ 'ਤੇ 45 ਦੌੜਾਂ) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਵਿਨੈ ਕੁਮਾਰ ਨੇ ਤਿੰਨ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ, ਇੰਡੀਆ ਮਾਸਟਰਜ਼ ਨੇ 17.1 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।