ਹਾਲੇ ਮੈਂ ਖ਼ਤਮ ਨਹੀਂ ਹੋਈ ਹਾਂ : ਦੁਤੀ ਚੰਦ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਸੋਨ ਤਮਗ਼ਾ ਜਿਤਣਾ ਮੇਰਾ ਆਲੋਚਕਾਂ ਨੂੰ  ਜਵਾਬ 

I am not finished yet : Dutee Chand

ਨਵੀਂ ਦਿੱਲੀ : ਸਟਾਰ ਫ਼ਰਾਟਾ ਦੌੜਾਕ ਦੁਤੀ ਚੰਦ ਨੇ ਬੁਧਵਾਰ ਨੂੰ ਕਿਹਾ ਕਿ ਉਹ ਹਾਲੇ ਖ਼ਤਮ ਨਹੀਂ ਹੋਈ ਹੈ ਅਤੇ ਸਮਲਿੰਗੀ ਰਿਸ਼ਤੇ ਦੇ ਪ੍ਰਗਟਾਵੇ ਤੋਂ ਬਾਅਦ ਕੁਝ ਹਲਕਿਆਂ ਵਿਚ ਫੈਲੀ ਨਕਾਰਾਤਮਕਤਾ ਦੇ ਬਾਵਜੂਦ ਪਿਛਲੇ ਹਫ਼ਤੇ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤਣ ਤੋਂ ਬਾਅਦ ਉਸ ਦੀ ਨਵੀਂ ਸਫ਼ਲਤਾ ਇਕੱਠੀ ਕਰਨ ਦੀ ਲਾਲਸਾ ਵਧੀ ਹੈ। 23 ਬਸੰਤ ਦੇਖ ਚੁੱਕੀ ਦੁਤੀ ਨੇ 9 ਜੁਲਾਈ ਨੂੰ ਨੇਪਾਲ ਵਿਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਮਗ਼ਾ ਜਿਤਿਆ ਅਤੇ ਉਹ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ।

ਦੁਤੀ ਨੇ ਕਿਹਾ ਕਿ ਇਹ ਉਸ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਹੈ ਜਿਨ੍ਹਾਂ  ਨੇ ਸਮਲਿੰਗੀ ਰਿਸ਼ਤਾ ਕਬੂਲ ਕਰਨ ਤੋਂ ਬਾਅਦ ਉਸ ਦਾ ਬੋਰੀਆ ਬਿਸਤਰ ਬਨ੍ਹਵਾ ਦਿਤਾ ਸੀ। ਦੂਤੀ ਨੇ ਕਿਹਾ, ''ਕਈ ਲੋਕਾਂ ਨੇ ਖ਼ਰਾਬ ਭਾਸ਼ਾ ਦਾ ਇਸਤੇਮਾਲ ਕੀਤਾ ਤੇ ਕਿਹਾ ਸੀ ਕਿ ਦੂਤੀ ਦਾ ਫ਼ੋਕਸ ਨਿੱਜੀ ਜੀਵਨ 'ਤੇ ਹੈ ਅਤੇ ਐਥਲੈਟਿਕਸ ਵਿਚ ਉਸ ਦਾ ਜੀਵਨ ਖ਼ਤਮ ਹੋ ਗਿਆ ਹੈ। ਮੈਂ ਉਨ੍ਹਾਂ ਨੂੰ ਦਸਣਾ ਚਹੁੰਦੀ ਹਾਂ ਕਿ ਮੈਂ ਹਾਲੇ ਖ਼ਤਮ ਨਹੀਂ ਹੋਈ ਹਾਂ।''

ਦੁਤੀ ਨੇ ਕਿਹਾ,''ਜਿਸ ਤਰ੍ਹਾਂ ਦੂਜੇ ਇਨਸਾਨ ਅਪਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਿੰਤਤ ਹੁੰਦੇ ਹਨ, ਉਸੇ ਤਰ੍ਹਾਂ ਮੈਂ ਵੀ ਹਾਂ। ਇਹੀ ਕਾਰਨ ਹੈ ਕਿ ਮੈਂ ਅਪਣੇ ਰਿਸ਼ਤੇ ਬਾਰੇ ਜਾਣਕਾਰੀ ਦਿਤੀ, ਪਰ ਇਸ ਦੇ ਇਹ ਮਾਈਨੇ ਨਹੀਂ ਹਨ ਕਿ ਮੇਰਾ ਅਪਣੇ ਕਰੀਅਰ 'ਤੇ ਧਿਆਨ ਨਹੀਂ ਹੈ। ਮੈਂ ਅਪਣਾ ਰਿਸ਼ਤਾ ਇਸ ਲਈ ਸਵੀਕਾਰ ਕੀਤਾ ਕਿਉਂਕਿ ਮੈਨੂੰ ਲਗਿਆ ਕਿ ਇਹ ਜ਼ਰੂਰੀ ਹੈ ਹੁਣ ਮੇਰਾ ਫ਼ੋਕਸ ਪਹਿਲਾਂ ਤੋਂ ਜ਼ਿਆਦਾ ਅਪਣੇ ਕਰੀਅਰ 'ਤੇ ਹੈ।'' ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਦੁਤੀ ਨੇ ਟਵੀਟ ਕੀਤਾ ਸੀ,''ਮੈਨੂੰ ਨੀਵਾਂ ਦਿਖਾਉ, ਮੈਂ ਹੋਰ ਮਜ਼ਬੂਤ ਹੋ ਕੇ ਉਭਰਾਂਗੀ।'' ਦੁਤੀ ਨੂੰ ਦੋਹਾ ਵਿਚ ਇਸ ਸਾਲ ਦੇ ਅੰਤ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਟੋਕੀਉ ਓਲੰਪਿਕ ਲਈ ਕੁਆਲੀਫ਼ਾਈ ਕਰਨਾ ਹੈ।

ਦੂਤੀ ਚੰਦ ਦੇ ਨਾਂ 'ਤੇ ਰਖਿਆ ਜਾਵੇਗਾ ਐਥਲੈਟਿਕਸ ਟ੍ਰੈਕ ਦਾ ਨਾਂ :
ਕਲਿੰਗਾ ਇੰਸਟੀਚਿਊਟ ਆਫ਼ ਇੰਟਰਕਾਂਟੀਨੈਂਟਲ ਟੈਕਨਾਲੋਜੀ (ਕੇ. ਆਈ. ਆਈ. ਟੀ.) ਤੇ ਕਲਿੰਗਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ (ਕੇ.ਆਈ.ਐਸ.ਐਸ.) ਦੇ ਸੰਸਥਾਪਕ ਏ. ਸਾਮੰਥ ਨੇ ਐਲਾਨ ਕੀਤਾ ਕਿ ਫਰਾਟਾ ਦੌੜਾਕ ਦੁਤੀ ਚੰਦ ਦੇ ਨਾਂ 'ਤੇ ਕੇ.ਆਈ.ਆਈ.ਟੀ. ਅਤੇ ਕੇ. ਆਈ.ਐਸ.ਐਸ. ਦੇ ਕੌਮਾਂਤਰੀ ਪੱਧਰ ਦੇ ਐਥਲੈਟਿਕਸ ਟ੍ਰੈਕ ਦਾ ਨਾਂ ਰਖਿਆ ਜਾਵੇਗਾ। ਸਾਮੰਤ ਨੇ ਕਿਹਾ ਕਿ ਦੂਤੀ ਨੂੰ 30ਵੇਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਉਨ੍ਹਾਂ ਦੀ 100 ਮੀਟਰ ਦਾ ਸੋਨ ਤਮਗ਼ਾ ਜਿੱਤਣ ਦੀ ਸ਼ਾਨਦਾਰ ਉਪਲਬਧੀ ਲਈ ਜਲਦ ਸਨਮਾਨਤ ਕੀਤਾ ਜਾਵੇਗਾ ਤੇ ਇਸ ਦੌਰਾਨ ਕੁਝ ਐਥਲੈਟਿਕ ਟ੍ਰੈਕ ਦਾ ਉਦਘਾਟਨ ਵੀ ਕੀਤਾ ਜਾਵੇਗਾ।