ਮਹਾਨ ਫ਼ੁੱਟਬਾਲ ਖਿਡਾਰੀ ਮੈਸੀ ਨੇ ਮੋਦੀ ਨੂੰ ਭੇਜੀ ਅਪਣੇ ਹਸਤਾਖ਼ਰ ਵਾਲੀ ਜਰਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਉਤੇ ਉਨ੍ਹਾਂ ਨੂੰ ਦਿਤਾ ਤੋਹਫ਼ਾ
ਨਵੀਂ ਦਿੱਲੀ : ਅਰਜਨਟੀਨਾ ਦੇ ਸੁਪਰਸਟਾਰ ਲਿਓਨੇਲ ਮੇਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਉਤੇ ਉਨ੍ਹਾਂ ਨੂੰ ਤੋਹਫ਼ੇ ਵਜੋਂ 2022 ਵਿਸ਼ਵ ਕੱਪ ਜੇਤੂ ਜਰਸੀ ਭੇਜੀ ਹੈ। ਮੈਸੀ ਨੂੰ ਭਾਰਤ ਲਿਆਉਣ ਵਾਲੇ ਪ੍ਰਮੋਟਰ ਸਤਦਰੂ ਦੱਤਾ ਨੇ ਬੁਧਵਾਰ ਨੂੰ ਦਸਿਆ ਕਿ ਮਹਾਨ ਫੁੱਟਬਾਲਰ ਦੀ ਵਿਸ਼ਵ ਕੱਪ ਦੀ ਜਰਸੀ ਦੋ-ਤਿੰਨ ਦਿਨਾਂ ਵਿਚ ਪ੍ਰਧਾਨ ਮੰਤਰੀ ਨੂੰ ਦੇ ਦਿਤੀ ਜਾਵੇਗੀ।
ਦੱਤਾ ਨੇ ਕਿਹਾ, ‘‘ਜਦੋਂ ਮੈਂ ਫ਼ਰਵਰੀ ’ਚ ਉਨ੍ਹਾਂ ਨੂੰ ਇਸ ਦੌਰੇ ਉਤੇ ਚਰਚਾ ਕਰਨ ਲਈ ਮਿਲਿਆ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਦਾ 75ਵਾਂ ਜਨਮਦਿਨ ਵੀ ਆ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਲਈ ਦਸਤਖਤ ਕੀਤੀ ਜਰਸੀ ਭੇਜਣਗੇ।’’
ਦੱਤਾ ਨੇ ਕਿਹਾ ਕਿ ਉਹ ਮੇਸੀ ਦੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿਚ 13 ਦਸੰਬਰ ਤੋਂ ਕੋਲਕਾਤਾ, ਮੁੰਬਈ ਅਤੇ ਦਿੱਲੀ ਵਿਚ ਰੁਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।