ਸਿੱਧੂ ਮੂਸੇਵਾਲਾ ਕਤਲ ਮਾਮਲਾ: ਹਥਿਆਰ ਸਪਲਾਈ ਕਰਨ ਵਾਲੇ ਤੀਜੇ ਮੁਲਜ਼ਮ ਦੀ ਹੋਈ ਸ਼ਨਾਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

-ਕੌਮੀ ਪੱਧਰ ਦਾ ਜੈਵਲਿਨ ਥਰੋ ਖਿਡਾਰੀ ਹੈ ਬਟਾਲਾ ਦਾ ਰਹਿਣ ਵਾਲਾ ਗੁਰਮੀਤ ਮੀਤਾ 

Sidhu Moosewala murder case investigation

-ਜੱਗੂ ਭਗਵਾਨਪੁਰੀਆ ਦਾ ਕਰੀਬੀ ਹੈ ਅਤੇ ਮਨਦੀਪ ਸਿੰਘ ਤੂਫ਼ਾਨ ਦੇ ਵੀ ਸੰਪਰਕ ਵਿਚ ਸੀ 
-ਪੰਜਾਬ ਪੁਲਿਸ 'ਚ ਬਤੌਰ ਸਿਪਾਹੀ ਰਹੇ ਗੁਰਮੀਤ ਮੀਤਾ ਨੂੰ 2020 'ਚ ਕੀਤਾ ਗਿਆ ਸੀ ਬਰਖ਼ਾਸਤ 
ਲੁਧਿਆਣਾ :
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਲਗਾਤਾਰ ਪਰਤਾਂ ਖੁੱਲ੍ਹ ਰਹੀਆਂ ਹਨ।  ਹੁਣ ਇਸ ਮਾਮਲੇ ਵਿਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਵਾਲੇ ਤੀਜੇ ਮੁਲਜ਼ਮ ਦੀ ਸ਼ਨਾਖ਼ਤ ਗੁਰਮੀਤ ਮੀਤਾ ਵਜੋਂ ਹੋਈ ਹੈ। ਦੱਸ ਦੇਈਏ ਕਿ ਗੁਰਮੀਤ ਮੀਤਾ ਕੌਮੀ ਪੱਧਰ ਦਾ ਜੈਵਲਿਨ ਥ੍ਰੋ ਦਾ ਖਿਡਾਰੀ ਹੈ ਅਤੇ ਉਹ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਸੇਵਾਵਾਂ ਨਿਭਾਅ ਰਿਹਾ ਸੀ ਜਿਸ ਨੂੰ 2020 ਵਿਚ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਦੇ ਸੀਨੀਅਰ ਅਧਿਕਾਰੀ ਬੇਅੰਤ ਜੁਨੇਜਾ ਨੇ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਜਿਨ੍ਹਾਂ 3 ਮੁਲਜ਼ਮਾਂ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸਨ ਉਨ੍ਹਾਂ ਵਿਚੋਂ ਤੀਜੇ ਦੀ ਸ਼ਨਾਖਤ ਹੋ ਗਈ ਹੈ।ਮੁਲਜ਼ਮ ਨੂੰ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਰੰਟ ਤੇ ਬਟਾਲਾ ਤੋਂ ਲੁਧਿਆਣਾ ਲੈ ਕੇ ਆਈ ਸੀ ਅਤੇ ਰਿਮਾਂਡ ਦੇ ਦੌਰਾਨ ਉਸ ਨੇ ਕਈ ਖੁਲਾਸੇ ਕੀਤੇ ਹਨ। ਹਥਿਆਰ ਸਪਲਾਈ ਕਰਨ ਵਿਚ ਦੋ ਮੁਲਜ਼ਮ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਹਨ ਜਿਨ੍ਹਾਂ ਵਿਚ ਸਤਵੀਰ ਸਿੰਘ ਅਤੇ ਮਨਪ੍ਰੀਤ ਸ਼ਾਮਿਲ ਹਨ। ਮੁਲਜ਼ਮ ਗੁਰਮੀਤ ਮੀਤਾ ਜੱਗੂ ਭਗਵਾਨਪੁਰੀਆ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਵਿੱਚ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂ ਕੇ 36 ਮੁਲਜ਼ਮਾਂ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। 

ਦੱਸਣਯੋਗ ਹੈ ਕਿ ਗੁਰਮੀਤ ਮੀਤਾ ਜਿਸ ਨੇ ਸਿੱਧੂ ਮੂਸੇਵਾਲ ਦੇ ਕਤਲ ਲਈ ਰੇਕੀ ਵੀ ਕੀਤੀ ਸੀ। ਪੁਲਿਸ ਨੇ ਕਰੀਬ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਅਤੇ ਬਾਅਦ 'ਚ 10 ਅਕਤੂਬਰ 2022 ਨੂੰ ਉਸ ਨੂੰ ਜੇਲ ਭੇਜ ਦਿੱਤਾ ਗਿਆ, ਜਿਸ ਨੂੰ ਹੁਣ ਲੁਧਿਆਣਾ ਪੁਲਿਸ ਇਕ ਮਾਮਲੇ 'ਚ ਆਪਣੇ ਨਾਲ ਲੈ ਗਈ ਹੈ। ਬਟਾਲਾ ਦੇ ਐਸਪੀ-ਡੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਨੂੰ ਥਾਣਾ ਸਦਰ ਵਿੱਚ 307 ਦੇ ਕੇਸ ਵਿੱਚ ਕੀਤਾ ਸੀ, ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਸੀ। ਜਿਸ ਵਿੱਚ ਗੁਰਮੀਤ ਸਿੰਘ ਨੇ ਕਈ ਅਹਿਮ ਖੁਲਾਸੇ ਕੀਤੇ ਹਨ।

ਗੁਰਮੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸੀ ਅਤੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਸੀ। ਇਸ ਤੋਂ ਇਲਾਵਾ ਉਹ ਕੁਝ ਦਿਨ ਪਹਿਲਾਂ ਫੜੇ  ਗਏ ਗੈਂਗਸਟਰ ਮਨਦੀਪ ਸਿੰਘ ਤੂਫਾਨ ਦੇ ਸੰਪਰਕ 'ਚ ਸੀ। ਜਦੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਸੀ ਤਾਂ ਉਸ ਨੇ ਇਸ ਦੀ ਰੇਕੀ ਵੀ ਕੀਤੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੁਲਿਸ ਦੀ ਵਰਦੀ ਪਾ ਕੇ ਫਾਰਚੂਨਰ ਕਾਰ 'ਚ ਗਿਆ ਸੀ ਕਿਉਂਕਿ ਗੈਂਗਸਟਰ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਮਨਦੀਪ ਸਿੰਘ ਤੂਫ਼ਾਨ ਨੂੰ ਕਿਹਾ ਸੀ ਕਿ ਜੇਕਰ ਮੌਕਾ ਦਿੱਤਾ ਗਿਆ ਤਾਂ ਸਿੱਧੂ ਮੂਸੇਵਾਲਾ ਨੂੰ ਵਰਦੀ ਪਾ ਕੇ ਮਾਰਨਾ ਪੈ ਸਕਦਾ ਹੈ, ਜਿਸ ਕਾਰਨ ਉਹ ਵਰਦੀ ਲੈ ਕੇ  ਗਿਆ ਸੀ।

ਗੁਰਮੀਤ ਮੀਤਾ ਨੇ ਮਾਨਸਾ ਪਹੁੰਚ ਕੇ  ਸਿੱਧੂ ਮੂਸੇਵਾਲਾ ਦੇ ਘਰ ਅਤੇ ਪਿੰਡ ਦੀ ਰੇਕੀ ਕੀਤੀ ਸੀ ਅਤੇ ਦੂਜੇ ਪਿੰਡ 'ਚ ਬੈਠ ਕੇ ਸਿੱਧੂ 'ਤੇ ਨਜ਼ਰ ਰੱਖਦਾ ਰਿਹਾ ਸੀ ਪਰ ਬਾਅਦ ਵਿਚ ਮਨਦੀਪ ਸਿੰਘ ਤੂਫਾਨ ਨੂੰ ਗੋਲਡੀ ਬਰਾੜ ਨੇ ਪੁਲਿਸ ਵਰਦੀ ਵਿਚ ਸਿੱਧੂ ਮੂਸੇਵਾਲਾ 'ਤੇ ਹਮਲਾ ਨਾ ਕਰਨ ਲਈ ਕਿਹਾ, ਜਿਸ ਕਾਰਨ ਉਹ ਕਿਤੇ ਹੋਰ ਚਲਾ ਗਿਆ। ਇਸ ਸਮੇਂ ਉਹਨਾਂ ਦੇ ਨਾਲ ਮਨਦੀਪ ਸਿੰਘ ਤੂਫਾਨ, ਮਨਪ੍ਰੀਤ , ਜਸਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀ ਸਨ। ਉਧਰ ਲੁਧਿਆਣਾ ਦੀ ਸੀਆਈਏ ਸਟਾਫ਼ ਦੀ ਪੁਲਿਸ ਉਸ ਨੂੰ ਪ੍ਰੋਡੰਕਸ਼ਨ ਰਿਮਾਂਡ ਤੇ ਲੈ ਕੇ ਗਈ ਹੈ ਅਤੇ ਉਸ ਤੋਂ ਪੁਛਗਿੱਛ ਕਰ ਰਹੀ ਹੈ।