Mohammed Shami News: “ਸ਼ਮੀ ਇਕ ਚੰਗਾ ਕ੍ਰਿਕਟਰ ਹੈ, ਕਾਸ਼ ਉਹ…”, ਗੇਂਦਬਾਜ਼ ਮੁਹੰਮਦ ਸ਼ਮੀ ਦੀ ਸਾਬਕਾ ਪਤਨੀ ਦਾ ਬਿਆਨ

ਏਜੰਸੀ

ਖ਼ਬਰਾਂ, ਖੇਡਾਂ

ਇਕ ਇੰਟਰਵਿਊ ਵਿਚ ਮੁਹੰਮਦ ਸ਼ਮੀ ਦੀ ਸਾਬਕਾ ਪਤਨੀ ਹਸੀਨ ਜਹਾਂ ਨੇ ਅਪਣੇ ਵਿਚਾਰ ਸਾਂਝੇ ਕੀਤੇ।

Mohammed Shami ex wife Haseen jahan on ICC World Cup 2023

Mohammed Shami News: ਆਈਸੀਸੀ ਵਨਡੇ ਕ੍ਰਿਕਟ ਵਿਸ਼ਵ ਕੱਪ 2023 ਨੂੰ ਲੈ ਕੇ ਭਾਰਤੀ ਟੀਮ ਦੇ ਗੇਂਦਬਾਜ਼ ਮੁਹੰਮਦ ਸ਼ਮੀ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹਨ। ਚਰਚਾ ਦਾ ਕਾਰਨ ਉਨ੍ਹਾਂ ਦਾ ਮੈਦਾਨ 'ਤੇ ਪ੍ਰਦਰਸ਼ਨ ਹੀ ਨਹੀਂ ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਹੈ। ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਟੀਮ ਫਿਲਹਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਈ ਹੈ। ਜਿਥੇ ਟੀਮ ਦਾ ਸਾਹਮਣਾ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ। ਇਸ ਦੌਰਾਨ ਸ਼ਮੀ ਦੀ ਸਾਬਕਾ ਪਤਨੀ ਹਸੀਨ ਜਹਾਂ ਨੇ ਕਿਹਾ ਹੈ ਕਿ ਸ਼ਮੀ ਇਕ ਚੰਗਾ ਕ੍ਰਿਕਟਰ ਹੈ, ਕਾਸ਼ ਉਹ ਇਕ ਚੰਗਾ ਪਤੀ ਅਤੇ ਪਿਤਾ ਵੀ ਹੁੰਦਾ।

ਇਕ ਇੰਟਰਵਿਊ ਵਿਚ ਮੁਹੰਮਦ ਸ਼ਮੀ ਦੀ ਸਾਬਕਾ ਪਤਨੀ ਹਸੀਨ ਜਹਾਂ ਨੇ ਅਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਿੱਤ ਲਈ ਵਧਾਈ ਦਿਤੀ, ਜਦੋਂ ਇਹ ਪੁੱਛਿਆ ਗਿਆ ਕਿ ਉਹ ਸ਼ਮੀ ਦੇ ਕਰੀਅਰ ਵਿਚ ਉਭਾਰ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਤਾਂ ਹਸੀਨ ਜਹਾਂ ਨੇ ਅਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।

ਹਸੀਨ ਜਹਾਂ ਨੇ ਕਿਹਾ, “ਉਹ ਚੰਗੇ ਕ੍ਰਿਕਟਰ ਹਨ, ਕਾਸ਼ ਚੰਗੇ ਵਿਅਕਤੀ ਵੀ ਹੁੰਦੇ। ਜੋ ਮੈਨੂੰ ਨਿੱਜੀ ਤੌਰ ’ਤੇ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਮੇਰੇ ਨਾਲ ਗਲਤ ਹੋਇਆ। ਕਿੰਨਾ ਚੰਗਾ ਹੁੰਦਾ ਜੇਕਰ ਮੈਂ, ਮੇਰੀ ਧੀ ਅਤੇ ਉਹ ਮਿਲ ਕੇ ਚੰਗੀ ਜ਼ਿੰਦਗੀ ਬਤੀਤ ਕਰ ਪਾਉਂਦੇ”। ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਦੇਸ਼ ਫਾਈਨਲ ਵੀ ਜਿੱਤੇ ਅਤੇ ਵਿਸ਼ਵ ਕੱਪ ਸਾਡੇ ਕੋਲ ਆਏ”।

ਹਸੀਨ ਜਹਾਂ ਨੇ ਕਿਹਾ, “ਉਨ੍ਹਾਂ ਦੇ ਸ਼ਮੀ ਨਾਲ ਰਿਸ਼ਤੇ ਨੂੰ ਉਸ ਦੇ ਕਰੀਅਰ ਨਾਲ ਨਾ ਜੋੜਿਆ ਜਾਵੇ ਕਿਉਂਕਿ ਉਨ੍ਹਾਂ ਦਾ ਕਰੀਅਰ ਅਤੇ ਨਿਜੀ ਜ਼ਿੰਦਗੀ ਬਿਲਕੁਲ ਵੱਖਰੇ ਹਨ, ਸਾਡੇ ਵਿਵਾਦ ਦਾ ਸ਼ਮੀ ਦੇ ਕਰੀਅਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ”।  ਦੱਸ ਦੇਈਏ ਕਿ ਸ਼ਮੀ ਅਤੇ ਹਸੀਨ ਜਹਾਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ ਅਤੇ ਦੋਵਾਂ ਦਾ ਤਲਾਕ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਹਸੀਨ ਜਹਾਂ ਨੇ ਸ਼ਮੀ 'ਤੇ ਦਾਜ ਲਈ ਪਰੇਸ਼ਾਨੀ, ਧੋਖਾਧੜੀ ਅਤੇ ਹੋਰ ਔਰਤਾਂ ਨਾਲ ਸਬੰਧ ਰੱਖਣ ਦੇ ਦੋਸ਼ ਲਾਏ ਹਨ। ਦੋਹਾਂ ਦੇ ਵਿਆਹ ਤੋਂ ਇਕ ਬੇਟੀ ਹੈ, ਜੋ ਇਸ ਸਮੇਂ ਹਸੀਨ ਜਹਾਂ ਨਾਲ ਹੈ।

ਸ਼ਮੀ ਹਰ ਮਹੀਨੇ ਹਸੀਨ ਨੂੰ ਰੱਖ-ਰਖਾਅ ਲਈ 1 ਲੱਖ 30 ਹਜ਼ਾਰ ਰੁਪਏ ਦਿੰਦੇ ਹਨ, ਜਿਸ 'ਚੋਂ 80 ਹਜ਼ਾਰ ਰੁਪਏ ਉਨ੍ਹਾਂ ਦੀ ਬੇਟੀ ਲਈ ਹਨ। ਅੱਜ ਸ਼ਮੀ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਗੇਂਦਬਾਜ਼ਾਂ 'ਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਕੁੱਝ ਦਿਨ ਪਹਿਲਾਂ ਹਸੀਨ ਜਹਾਂ ਨੇ ਵੀ ਕਿਹਾ ਸੀ ਕਿ ਮੇਰੀ ਬੇਟੀ ਦੇ ਪਿਤਾ ਮਸ਼ਹੂਰ ਕ੍ਰਿਕਟਰ ਹਨ ਪਰ ਮੇਰੀ ਬੇਟੀ ਇਕ ਛੋਟੇ ਜਿਹੇ ਸਰਕਾਰੀ ਸਕੂਲ 'ਚ ਪੜ੍ਹਦੀ ਹੈ ਕਿਉਂਕਿ ਸ਼ਮੀ ਉਸ ਨੂੰ ਪੈਸੇ ਨਹੀਂ ਦਿੰਦੇ।

(For more news apart from Mohammed Shami ex wife Haseen jahan on ICC World Cup 2023, stay tuned to Rozana Spokesman)