ਵਿਰਾਟ ਕੋਹਲੀ ਲੈ ਸਕਦੇ ਹਨ Break, ਰਵਿੰਦਰ ਜਡੇਜਾ ਵਾਪਸੀ ਲਈ ਤਿਆਰ
ਰਵਿੰਦਰ ਜਡੇਜਾ ਗੋਡੇ ਦੀ ਸੱਟ ਤੋਂ ਠੀਕ ਹੋ ਗਿਆ ਹੈ।
ਨਵੀਂ ਦਿੱਲੀ - ਰੋਹਿਤ ਸ਼ਰਮਾ ਨੂੰ ਸ਼੍ਰੀਲੰਕਾ ਖਿਲਾਫ਼ ਘਰੇਲੂ ਸੀਰੀਜ਼ ਤੋਂ ਪਹਿਲਾਂ ਭਾਰਤੀ ਟੈਸਟ ਟੀਮ ਦਾ ਕਪਤਾਨ ਬਣਾਇਆ ਜਾਵੇਗਾ ਜਦਕਿ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮੋਹਾਲੀ 'ਚ ਆਪਣੇ 100ਵੇਂ ਟੈਸਟ ਤੋਂ ਪਹਿਲਾਂ ਆਰਾਮ ਦਿੱਤਾ ਜਾ ਸਕਦਾ ਹੈ। ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਅਗਲੇ ਕੁਝ ਦਿਨਾਂ 'ਚ ਟੀਮ ਦਾ ਐਲਾਨ ਕਰ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਹਲੀ ਨੂੰ ਮੋਹਾਲੀ (4-8 ਮਾਰਚ) ਅਤੇ ਬੈਂਗਲੁਰੂ (12-16 ਮਾਰਚ) ਵਿਚਾਲੇ ਹੋਣ ਵਾਲੇ ਦੋ ਟੈਸਟ ਮੈਚਾਂ ਤੋਂ ਪਹਿਲਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ।
ਰਵਿੰਦਰ ਜਡੇਜਾ ਗੋਡੇ ਦੀ ਸੱਟ ਤੋਂ ਠੀਕ ਹੋ ਗਿਆ ਹੈ। ਜਡੇਜਾ ਅਪਣੀ ਗੋਡੇ ਦੀ ਸੱਟ ਕਾਰਨ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਖਿਲਾਫ਼ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਜਡੇਜਾ ਫਿੱਟ ਹੈ ਅਤੇ ਚੋਣ ਲਈ ਉਪਲਬਧ ਹੈ, ਪਰ ਵਾਸ਼ਿੰਗਟਨ ਸੁੰਦਰ ਸ਼੍ਰੀਲੰਕਾ ਦੇ ਖਿਲਾਫ ਸੀਰੀਜ਼ ਨਹੀਂ ਖੇਡੇਗਾ।" ਇਸ ਤੋਂ ਇਲਾਵਾ ਕੇਐੱਲ ਰਾਹੁਲ ਦਾ ਘੱਟੋ-ਘੱਟ ਟੀ-20 ਸੀਰੀਜ਼ 'ਚ ਖੇਡਣਾ ਸ਼ੱਕੀ ਹੈ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਤੋਂ ਆਰਾਮ ਤੋਂ ਬਾਅਦ ਵਾਪਸੀ ਦੀ ਉਮੀਦ ਹੈ।”
ਸ਼ੁਭਮਨ ਗਿੱਲ ਦੀ ਮੌਜੂਦਾ ਫਿਟਨੈਸ ਸਥਿਤੀ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਪਿਛਲੇ ਕੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਨਾ ਕਰ ਰਹੇ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਜਦੋਂ ਚੋਣ ਕਮੇਟੀ ਟੈਸਟ ਟੀਮ ਦੀ ਚੋਣ ਕਰੇਗੀ ਤਾਂ ਚਰਚਾ ਦਾ ਮੁੱਖ ਵਿਸ਼ਾ ਹੋਵੇਗਾ। ਰਹਾਣੇ ਨੇ ਹਾਲਾਂਕਿ ਰਣਜੀ ਮੈਚ 'ਚ ਸੈਂਕੜਾ ਲਗਾ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ।