ਅਲਬਰਟਾ ਨੂੰ 2028 ਹਾਕੀ ਵਿਸ਼ਵ ਕੱਪ ਦੀ ਮਿਲੀ ਮੇਜ਼ਬਾਨੀ, ਖੇਡ ਪ੍ਰੇਮੀਆਂ 'ਚ ਉਤਸ਼ਾਹ ਦੀ ਭਾਵਨਾ
ਇਸ ਟੂਰਨਾਮੈਂਟ ਵਿਚ ਹਰੇਕ ਦੇਸ਼ ਦੀ ਟੀਮ ਖਿਡਾਰੀਆਂ ਨਾਲ ਮੈਦਾਨ ਵਿਚ ਉਤਰੇਗੀ
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਅਲਬਰਟਾ ਨੂੰ 2028 ਵਿਚ ਕਰਵਾਏ ਜਾਣ ਵਾਲੇ ਹਾਕੀ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਪ੍ਰਾਪਤ ਹੋ ਗਈ ਹੈ। ਇਹ ਮੁਕਾਬਲੇ ਅਲਬਰਟਾ ਦੇ ਸ਼ਹਿਰ ਕੈਲਗਰੀ ਅਤੇ ਐਡਮੰਟਨ ਵਿਚ ਕਰਵਾਏ ਜਾਣਗੇ। ਜਾਣਕਾਰੀ ਮੁਤਾਬਕ ਇਸ ਕੌਮਾਂਤਰੀ ਟੂਰਨਾਮੈਂਟ ਵਿਚ ਪੂਰੇ ਸੰਸਾਰ ਤੋਂ ਕੌਮਾਤਰੀ ਪੱਧਰ ਦੀਆਂ 8 ਟੀਮਾਂ ਭਾਗ ਲੈਣਗੀਆਂ ਅਤੇ ਇਹ ਮੁਕਾਬਲੇ ਫ਼ਰਵਰੀ 2028 ਵਿਚ ਕਰਵਾਏ ਜਾਣ ਦੀ ਯੋਜਨਾ ਦੱਸੀ ਜਾ ਰਹੀ ਹੈ।
ਇਸ ਟੂਰਨਾਮੈਂਟ ਵਿਚ ਹਰੇਕ ਦੇਸ਼ ਦੀ ਟੀਮ ਅਪਣੇ ਸੱਭ ਤੋਂ ਵਧੀਆ ਖਿਡਾਰੀਆਂ ਨਾਲ ਮੈਦਾਨ ਵਿਚ ਉਤਰੇਗੀ। ਅਲਬਰਟਾ ਦੇ ਕੈਲਗਰੀ ਅਤੇ ਐਡਮੰਟਨ ਸ਼ਹਿਰਾਂ ਨੇ ਸਾਂਝੇ ਤੌਰ ’ਤੇ ਮੇਜ਼ਬਾਨੀ ਲਈ ਅਰਜ਼ੀ ਦਿਤੀ ਸੀ, ਜਿਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਮੁਕਾਬਲੇ ਇਥੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵੱਡੇ ਖੇਡ ਸਮਾਗਮ ਨਾਲ ਕੈਨੇਡਾ ਦੇ ਇਨ੍ਹਾਂ ਸ਼ਹਿਰਾਂ ਵਿਚ ਖੇਡ ਪ੍ਰੇਮੀਆਂ ਦੀ ਭਾਰੀ ਭੀੜ ਪਹੁੰਚੇਗੀ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਵੱਡਾ ਲਾਭ ਹੋਵੇਗਾ। ਇਹ ਕੌਮਾਂਤਰੀ ਹਾਕੀ ਮੁਕਾਬਲੇ ਦੁਨੀਆਂ ਭਰ ਦੇ ਦਰਸ਼ਕਾਂ ਦੀ ਖਾਸ ਦਿਲਚਸਪੀ ਦਾ ਕੇਂਦਰ ਬਣਦੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2028 ਦਾ ਇਹ ਸਮਾਗਮ ਵੀ ਖੇਡ ਪ੍ਰੇਮੀਆਂ ਲਈ ਯਾਦਗਾਰ ਸਾਬਤ ਹੋਵੇਗਾ।