ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਮਲੇਸ਼ੀਆ ਨੂੰ ਹਰਾ ਕੇ ਭਾਰਤ ਫ਼ਾਈਨਲ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ 'ਚ ਖ਼ਿਤਾਬ ਬਚਾਉ ਅਭਿਆਨ ਲਈ ਮਜਬੂਤੀ ਨਾਲ ਕਦਮ ਵਧਾ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਅਪਣੇ ਪੂਲ ਮੈਚ 'ਚ ਮਲੇਸ਼ੀਆ ...

Asian Champions Trophy

ਨਵੀਂ ਦਿੱਲੀ,ਏਸ਼ੀਅਨ ਚੈਂਪੀਅਨਜ਼ ਟਰਾਫ਼ੀ 'ਚ ਖ਼ਿਤਾਬ ਬਚਾਉ ਅਭਿਆਨ ਲਈ ਮਜਬੂਤੀ ਨਾਲ ਕਦਮ ਵਧਾ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਅਪਣੇ ਪੂਲ ਮੈਚ 'ਚ ਮਲੇਸ਼ੀਆ ਵਿਰੁਧ 3-2 ਨਾਲ ਰੋਮਾਂਚਕ ਜਿਤ ਦਰਜ ਕਰਦਿਆਂ ਜੇਤੂ ਹੈਟ੍ਰਿਕ ਪੂਰੀ ਕੀਤੀ। ਇਸ ਦੇ ਨਾਲ ਹੀ ਉਸ ਨੇ ਫ਼ਾਈਨਲ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ।ਸੀਨੀਅਰ ਮਹਿਲਾ ਟੀਮ ਨੇ ਪੰਜਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 'ਚ ਜਾਪਾਨ ਵਿਰੁਧ ਪਹਿਲਾ ਮੈਚ 4-1 ਅਤੇ ਦੂਜਾ ਮੈਚ ਚੀਨ ਤੋਂ 3-1 ਨਾਲ ਜਿੱਤਿਆ ਸੀ। ਭਾਰਤੀ ਟੀਮ ਨੇ ਸਨਰਾਈਜ਼ ਸਟੇਡੀਅਮ 'ਚ ਮਲੇਸ਼ੀਆ ਵਿਰੁਧ ਤੀਜਾ ਪੂਲ ਮੈਚ ਜਿੱਤਣ ਦੇ ਨਾਲ ਹੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ

ਸੱਭ ਤੋਂ ਜ਼ਿਆਦਾ ਨੌਂ ਅੰਕਾਂ ਨਾਲ ਅੰਕ ਲੜੀ 'ਚ ਉਚ ਸਥਾਨ 'ਤੇ ਰਹਿੰਦਿਆਂ ਫ਼ਾਈਨਲ ਲਈ ਕੁਆਲੀਫ਼ਾਈ ਕਰ ਲਿਆ।ਭਾਰਤੀ ਟੀਮ ਲਈ ਸਖ਼ਤ ਮੁਕਾਬਲੇ 'ਚ ਗੁਰਜੀਤ ਕੌਰ ਨੇ 17ਵੇਂ, ਵੰਦਨਾ ਕਟਾਰੀਆ ਨੇ 33ਵੇਂ ਅਤੇ ਲਾਲਰੇਮਸਿਆਮੀ ਨੇ 40ਵੇਂ ਮਿੰਟ ਲਈ ਗੋਲ ਦਾਗੇ। ਮਲੇਸ਼ੀਆ ਲਈ ਨੁਰਾਨੀ ਰਾਸ਼ਿਦ ਨੇ 36ਵੇਂ ਅਤੇ ਹਾਨਿਸ ਓਨ ਨੇ 48ਵੇਂ ਮਿੰਟ 'ਚ ਗੋਲ ਦਾਗੇ ਪਰ ਭਾਰਤੀ ਟੀਮ ਨੇ ਅਖ਼ੀਰ ਤਕ ਅਪਣਾ ਵਾਧਾ ਬਣਾ ਕੇ ਰੱਖਿਆ ਅਤੇ ਜਿੱਤ ਦਰਜ ਕੀਤੀ। ਮੈਚ ਦੇ ਪਹਿਲੇ ਕੁਆਟਰ 'ਚ ਦੋਵਾਂ ਟੀਮਾਂ ਨੇ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਨੇ ਸ਼ੁਰੂਆਤੀ ਮੌਕੇ ਨੂੰ ਗੋਲ 'ਚ ਤਬਦੀਲ ਕਰ ਦਿਤਾ ਅਤੇ ਡ੍ਰੈਗ ਫ਼ਲਿਕਰ ਗੁਰਜੀਤ ਨੇ ਟੀਮ ਦਾ

ਪਹਿਲਾ ਗੋਲ ਕਰ ਕੇ 1-0 ਦਾ ਵਾਧਾ ਦਿਵਾਇਆ।ਟੂਰਨਾਮੈਂਟ ਦੀ ਸ਼ੁਰੂਆਤ 'ਚ ਅਭਿਆਸ ਮੈਚ 'ਚ ਮਲੇਸ਼ੀਆ ਨੂੰ 6-0 ਨਾਲ ਹਰਾ ਚੁਕੀ ਭਾਰਤੀ ਟੀਮ ਸਾਹਮਣੇ ਹਾਲਾਂ ਕਿ ਵਿਰੋਧੀ ਟੀਮ ਨੇ ਸਖ਼ਤ ਚੁਣੌਤੀ ਪੇਸ਼ ਕੀਤੀ ਅਤੇ ਭਾਰਤ ਦੇ ਸਰਕਲ 'ਚ ਦਾਖ਼ਲ ਹੋ ਕੇ ਉਸ 'ਤੇ ਦਬਾਅ ਬਣਾਇਆ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਅਤੇ ਚੀਨ ਨੂੰ ਇਕ ਪਾਸੜ ਮੈਚਾਂ 'ਚ ਹਰਾਇਆ ਹੈ। ਇਹ ਭਾਰਤੀ ਟੀਮ ਦੀ ਇਸ ਮੈਚ 'ਚ ਲਗਾਤਾਰ ਤੀਜੀ ਜਿੱਤ ਹੈ। ਇਸ ਜਿੱਤ ਨਾਲ ਭਾਰਤ ਨੇ ਜਿੱਤਾਂ ਦੀ ਹੈਟ੍ਰਿਕ ਲਗਾ ਕੇ ਅੰਕ ਲੜੀ 'ਚ ਸੱਭ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਲਏ ਹਨ, ਜਿਸ ਦੇ ਦਮ 'ਤੇ ਭਾਰਤੀ ਮਹਿਲਾ ਹਾਕੀ ਟੀਮ ਟੂਰਨਾਮੈਂਟ ਦੇ ਫ਼ਾਈਨਲ 'ਚ ਪਹੁੰਚ ਗਈ ਹੈ।   (ਏਜੰਸੀ)