ਬਬੀਤਾ ਫੋਗਾਟ ਨੇ ਸਾਡੇ ਵਿਰੋਧ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ : ਸਾਕਸ਼ੀ ਮਲਿਕ

ਏਜੰਸੀ

ਖ਼ਬਰਾਂ, ਖੇਡਾਂ

ਚਚੇਰੀਆਂ ਭਲਵਾਨ ਭੈਣਾਂ ’ਚ ਛਿੜੀ ਜ਼ੁਬਾਨੀ ਜੰਗ

Punjabi News

ਨਵੀਂ ਦਿੱਲੀ: ਓਲੰਪਿੰਕ ਖੇਡਾਂ ’ਚ ਭਾਰਤ ਲਈ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਸੋਨ ਤਮਗਾ ਜੇਤੂ ਭਲਵਾਨ ਬਬੀਤਾ ਫੋਗਾਟ ’ਤੇ ਦੋਸ਼ ਲਾਇਆ ਕਿ ਉਹ ਭਲਵਾਨਾਂ ਨੂੰ ਅਪਣੇ ਮਤਲਬ ਲਈ ਵਰਤ ਰਹੀ ਹੈ ਅਤੇ ਉਨ੍ਹਾਂ ਦੇ ਵਿਰੋਧ ਨੂੰ ਕਮਜ਼ੋਰ ਕਰ ਰਹੀ ਹੈ।

ਸਾਕਸ਼ੀ ਅਤੇ ਉਨ੍ਹਾਂ ਦੇ ਪਤੀ ਸੱਤਿਆਵਰਤ ਕਾਦਿਆਨ ਨੇ ਸਨਿਚਰਵਾਰ ਨੂੰ ਵੀ ਵੀਡੀਓ ਪੋਸਟ ਕਰ ਕੇ ਦੋਸ਼ ਲਾਇਆ ਸੀ ਕਿ ਬਬੀਤਾ ਅਤੇ ਭਾਜਪਾ ਦੇ ਇਕ ਹੋਰ ਆਗੂ ਤੀਰਥ ਰਾਣਾ ਨੇ ਸ਼ੁਰੂਆਤ ’ਚ ਭਲਵਾਨਾਂ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੀ ਮਨਜ਼ੂਰੀ ਲਈ ਸੀ ਪਰ ਬਾਅਦ ’ਚ ਉਨ੍ਹਾਂ ਨੂੰ ਸਲਾਹ ਦੇਣ ਲੱਗੇ ਕਿ ਇਸ ਮੰਚ ਦਾ ਪ੍ਰਯੋਗ ਸਿਆਸੀ ਪਾਰਟੀਆਂ ਵਲੋਂ ਸਿਆਸੀ ਉਦੇਸ਼ ਨਾਲ ਨਹੀਂ ਹੋਣਾ ਚਾਹੀਦਾ।

ਰਾਣਾ ਨੇ ਹਾਲਾਂਕਿ ਕਿਹਾ ਕਿ ਨਾ ਹੀ ਉਨ੍ਹਾਂ ਨੇ ਅਤੇ ਨਾ ਹੀ ਬਬੀਤਾ ਨੇ ਸ਼ੁਰੂਆਤ ’ਚ ਪ੍ਰਦਰਸ਼ਨ ਸ਼ੁਰੂ ਕਰਨ ਅਤੇ ਬਾਅਦ ’ਚ ਇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਲਵਾਨ ਦੇਸ਼ ਦਾ ਮਾਣ ਹਨ ਅਤੇ ਭਾਜਪਾ ਖਿਡਾਰੀਆਂ ਦੇ ਮਾਣ ਨੂੰ ਸਭ ਤੋਂ ਉਪਰ ਰਖਦੀ ਹੈ। ਉਨ੍ਹਾਂ ਅਪਣੇ ਮਤਲਬ ਲਈ ਭਲਵਾਨਾਂ ਦਾ ਪ੍ਰਯੋਗ ਕਰਨ ਦੇ ਦੋਸ਼ਾਂ ’ਤੇ ਕਿਹਾ, ‘‘ਮੈਂ ਹਮੇਸ਼ਾ ਖਿਡਾਰੀਆਂ ਦੀ ਹਮਾਇਤ ਕੀਤੀ ਹੈ।’’

ਇਹ ਵੀ ਪੜ੍ਹੋ:  ਮਣੀਪੁਰ ਦੀਆਂ ਔਰਤਾਂ ਨੇ ਹਿੰਸਾ ਦੇ ਵਿਰੋਧ 'ਚ ਬਣਾਈ ਮਨੁੱਖੀ ਲੜੀ

ਸਾਕਸ਼ੀ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸਮੇਤ ਦੇਸ਼ ਦੇ ਸਿਖਰਲੇ ਭਲਵਾਨਾਂ ਨੇ ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ਼.ਆਈ.) ਦੇ ਬਾਹਰ ਜਾ ਰਹੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ’ਤੇ ਜਿਨਸੀ ਸੋਸ਼ਣ ਅਤੇ ਡਰਾਉਣ-ਧਮਕਾਉਣ ਦਾ ਦੋਸ਼ ਲਾਇਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਕਾਦਿਆਨ ਅਤੇ ਸਾਕਸ਼ੀ ਨੇ ਇਕ ਚਿੱਠੀ ਵੀ ਵਿਖਾਈ ਜਿਸ ’ਚ ਕਥਿਤ ਤੌਰ ’ਤੇ ਵਿਖਾਇਆ ਗਿਆ ਹੈ ਕਿ ਬਬੀਤਾ ਅਤੇ ਰਾਣਾ ਨੇ ਜੰਤਰ-ਮੰਤਰ ਪੁਲਿਸ ਥਾਣੇ ’ਚ ਭਲਵਾਨਾਂ ਦੇ ਧਰਨੇ ਦੀ ਮਨਜ਼ੂਰੀ ਲਈ ਸੀ। ਸਾਕਸ਼ੀ ਨੇ ਐਤਵਾਰ ਨੂੰ ਕੀਤੇ ਅਪਣੇ ਟਵੀਟ ’ਚ ਕਿਹਾ, ‘‘ਵੀਡੀਓ ’ਚ ਅਸੀਂ ਤੀਰਥ ਰਾਣਾ ਅਤੇ ਬਬੀਤਾ ਫੋਗਾਟ ’ਤੇ ਵਿਅੰਗ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਅਪਣਾ ਮਤਲਬ ਕੱਢਣ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਸ ਤਰ੍ਹਾਂ ਭਲਵਾਨਾਂ ’ਤੇ ਜਦੋਂ ਮੁਸੀਬਤ ਪਈ ਤਾਂ ਉਹ ਜਾ ਕੇ ਸਰਕਾਰ ਦੀ ਗੋਦ ’ਚ ਬੈਠ ਗਏ।’’

ਉਧਰ ਬਬੀਤਾ ਫੋਗਾਟ ਨੇ ਸਾਕਸ਼ੀ ਦੇ ਸਨਿਚਰਵਾਰ ਵਾਲੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਕਸ਼ੀ ਵਲੋਂ ਲਾਏ ਦੋਸ਼ ਗ਼ਲਤ ਹਨ। ਉਨ੍ਹਾਂ ਇਕ ਟਵੀਟ ਕਰ ਕੇ ਕਿਹਾ, ‘‘ਸਾਕਸ਼ੀ ਵਲੋਂ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਲੈਣ ਵਾਲੇ ਕਾਗ਼ਜ਼ਾਂ ’ਤੇ ਮੇਰਾ ਹਸਤਾਖ਼ਰ ਨਹੀਂ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਵਾਰ-ਵਾਰ ਸਾਰੇ ਭਲਵਾਨਾਂ ਨੂੰ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲੋ, ਪਰ ਤੁਸੀਂ ਦੀਪੇਂਦਰ ਹੁੱਡਾ, ਕਾਂਗਰਸ ਅਤੇ ਪ੍ਰਿਅੰਕਾ ਗਾਂਧੀ ਸਮੇਤ ਉਨ੍ਹਾਂ ਲੋਕਾਂ ਨਾਲ ਮਿਲਦੇ ਰਹੇ ਜੋ ਖ਼ੁਦ ਬਲਾਤਕਾਰੀ ਅਤੇ ਹੋਰ ਮੁਕੱਦਮਿਆਂ ਦੇ ਦੋਸ਼ੀ ਹਨ।’’ ਬਬੀਤਾ ਫੋਗਾਟ ਨੇ ਭਲਵਾਨਾਂ ’ਤੇ ਅਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਦੋਸ਼ ਵੀ ਲਾਇਆ।

ਰਾਣਾ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਜੇ ਭਲਵਾਨ ਹਰਿਦੁਆਰ ’ਚ ਅਪਣੇ ਓਲੰਪਿਕ ਤਮਗੇ ਗੰਗਾ ਨਦੀ ’ਚ ਵਹਾਅ ਦਿੰਦੇ ਤਾਂ ਹਿੰਸਾ ਹੋ ਜਾਂਦੀ।
ਬ੍ਰਿਜ ਭੂਸ਼ਣ ਵਿਰੁਧ ਵਿਰੋਧ ਦੀ ਅਗਵਾਈ ਕਰ ਰਹੇ ਤਿੰਨ ਸਿਖਰਲੇ ਭਲਵਾਨਾਂ ’ਚੋਂ ਇਕ ਵਿਨੇਸ਼ ਨੇ ਵੀ ਅਪ੍ਰੈਲ ’ਚ ਅਪਣੀ ਚਚੇਰੀ ਭੈਣ ਨੂੰ ਅਪੀਲ ਕੀਤੀ ਸੀ ਕਿ ਉਹ ਸੋਸ਼ਲ ਮੀਡੀਆ ’ਤੇ ਆਪਾ ਵਿਰੋਧੀ ਬਿਆਨ ਜਾਰੀ ਕਰ ਕੇ ‘ਸਾਡੀ ਮੁਹਿੰਮ ਨੂੰ ਕਮਜ਼ੋਰ’ ਨਾ ਕਰਨ।
ਹੈਵੀਵੇਟ ਭਲਵਾਨ ਕਾਦਿਆਨ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ ਅਤੇ ਸਰਕਾਰ ਵਿਰੁਧ ਨਹੀਂ ਹੈ।