12 ਸਾਲ ਦੇ ਗੇਂਦਬਾਜ਼ ਨੇ 1 ਓਵਰ 'ਚ ਲਏ 6 ਵਿਕਟ, ਲੁੱਟੀਆਂ ਤਾਰੀਫ਼ਾਂ
ਦਰਅਸਲ 12 ਸਾਲਾ ਗੇਂਦਬਾਜ਼ ਓਲੀਵਰ, ਜੋ ਬ੍ਰਮਸਗਰੋਵ ਕ੍ਰਿਕਟ ਕਲੱਬ ਲਈ ਖੇਡਦਾ ਹੈ
ਨਵੀਂ ਦਿੱਲੀ - ਕ੍ਰਿਕਟ ਦੇ ਮੈਦਾਨ 'ਤੇ ਨਵੇਂ-ਨਵੇਂ ਰਿਕਾਰਡ ਬਣਦੇ ਅਤੇ ਟੁੱਟਦੇ ਨਜ਼ਰ ਆ ਰਹੇ ਹਨ। ਜਦੋਂ ਵੀ ਕਿਸੇ ਓਵਰ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਦਿਮਾਗ 'ਚ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਦੀ ਝਲਕ ਆਪਣੇ ਆਪ ਹੀ ਬਣ ਜਾਂਦੀ ਹੈ। ਪਰ ਹਾਲ ਹੀ 'ਚ ਇਕ ਅਜਿਹਾ ਮੈਚ ਦੇਖਣ ਨੂੰ ਮਿਲਿਆ, ਜਿਸ 'ਚ ਬੱਲੇਬਾਜ਼ ਨਹੀਂ ਸਗੋਂ ਗੇਂਦਬਾਜ਼ ਨੇ ਤਾਰੀਫ਼ਾਂ ਲੁੱਟੀਆਂ ਹਨ।
12 ਸਾਲਾ ਗੇਂਦਬਾਜ਼ ਨੇ ਡਬਲ ਹੈਟ੍ਰਿਕ ਲੈ ਕੇ ਤਹਿਲਕਾ ਮਚਾ ਦਿੱਤਾ। ਦੱਸ ਦਈਏ ਕਿ ਇਸ ਛੋਟੇ ਗੇਂਦਬਾਜ਼ ਨੇ ਇੱਕ ਓਵਰ ਵਿਚ 6 ਵਿਕਟਾਂ ਲੈ ਕੇ ਬੱਲੇਬਾਜ਼ਾਂ ਨੂੰ ਨਾਨੀ ਯਾਦ ਦਿਵਾ ਦਿੱਤੀ। ਦਰਅਸਲ 12 ਸਾਲਾ ਗੇਂਦਬਾਜ਼ ਓਲੀਵਰ, ਜੋ ਬ੍ਰਮਸਗਰੋਵ ਕ੍ਰਿਕਟ ਕਲੱਬ ਲਈ ਖੇਡਦਾ ਹੈ। ਉਸ ਨੇ 9 ਜੂਨ ਨੂੰ ਕੁੱਕਹਿਲ ਖਿਲਾਫ਼ ਖੇਡੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਰ ਪਾਸੇ ਤਾਰੀਫਾਂ ਲੁੱਟੀਆਂ ਹਨ। ਦੱਸ ਦਈਏ ਕਿ ਕੁਕਹਿਲ ਦੇ ਖਿਲਾਫ਼ ਓਲੀਵਰ ਨੇ ਬਿਨਾਂ ਕੋਈ ਦੌੜ ਖਰਚ ਕੀਤੇ ਕੁੱਲ 8 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਇਹ 12 ਸਾਲਾ ਲੜਕਾ 1969 ਵਿਚ ਵਿੰਬਲਡਨ ਦੀ ਜੇਤੂ ਐਨ ਜੋਨਸ ਦਾ ਪੋਤਾ ਹੈ। ਅਜਿਹੇ 'ਚ ਇਹ ਸਮਝਿਆ ਜਾ ਸਕਦਾ ਹੈ ਕਿ ਕ੍ਰਿਕਟ 'ਚ ਪਰਿਵਾਰ ਦਾ ਓਲੀਵਰ 'ਤੇ ਅਸਰ ਪੈ ਰਿਹਾ ਹੈ। ਉਸ ਵਿਚ ਬਚਪਨ ਤੋਂ ਹੀ ਇਕ ਵੱਖਰੀ ਯੋਗਤਾ ਦਿਖਾਈ ਦਿੰਦੀ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਲੀਵਰ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਅਜਿਹਾ ਹੋ ਸਕਦਾ ਹੈ। ਮੈਂ ਵਿਸ਼ਵਾਸ ਨਹੀਂ ਕਰ ਰਿਹਾ ਸੀ ਕਿ ਮੈਂ ਪਹਿਲੀ ਗੇਂਦ 'ਤੇ ਵਿਕਟ ਲੈ ਲਿਆ, ਮੈਂ ਸੋਚਿਆ ਕਿ ਇਹ ਗੇਂਦ ਵਾਈਡ ਹੋਵੇਗੀ, ਪਰ ਜਿਵੇਂ ਹੀ ਮੈਂ ਦੋ ਵਿਕਟਾਂ ਲਈਆਂ ਤਾਂ ਸਟੇਡੀਅਮ ਵਿਚ ਬੈਠੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਨਜ਼ਰ ਆਏ ਅਤੇ ਹੈਟ੍ਰਿਕ ਦੀ ਮੰਗ ਕਰਦੇ ਹੋਏ ਲਗਾਤਾਰ ਮੇਰੇ ਨਾਮ 'ਤੇ ਸੀਟੀਆਂ ਵਜਾਉਂਦੇ ਰਹੇ।