ਸਿਹਤ ਵਿਭਾਗ ਨੇ ਪਿੰਡਾਂ ਦੇ ਟੋਭਿਆਂ 'ਚ ਛੱਡੀਆਂ ਗਈਆਂ ਗੰਬੂਜ਼ੀਆਂ ਮੱਛੀਆਂ
ਮੱਛਰਾਂ ਦੇ ਪ੍ਰਕੋਪ ਤੋਂ ਮਿਲੇਗੀ ਨਿਜਾਤ
ਨੂਰਪੁਰ ਬੇਦੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰਾ ਤੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾ ਦੇਣ ਅਤੇ ਸਮੇਂ-ਸਮੇਂ 'ਤੇ ਬਿਮਾਰੀਆ ਨੂੰ ਫੈਲਣ ਤੋਂ ਰੋਕਣ ਲਈ ਜਾਗਰੂਕਤਾ ਅਭਿਆਨ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸੇ ਤਹਿਤ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਨੂਰਪੁਰ ਬੇਦੀ ਦੀ ਅਗਵਾਈ ਹੇਠ ਅੱਜ ਪਿੰਡ ਨਲਹੋਟੀ, ਚੰਦਪੁਰ, ਸੇਰੀ, ਰਾਮਪੁਰ ਪਿੰਡਾਂ ਵਿੱਚ ਟੋਭਿਆਂ 'ਚ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ।
ਇਸ ਮੌਕੇ ਸੇਵਾ ਦਾਸ, ਪ੍ਰਿਤਪਾਲ ਸਿੰਘ, ਅਰਵਿੰਦ ਜੀਤ ਸਿੰਘ ਸੁਪਰਵਾਈਜ਼ਰ, ਅਮਰੀਕ ਸਿੰਘ ਹੈਲਥ ਵਰਕਰ ਨੇ ਦੱਸਿਆ ਕਿ ਮੱਛੀ ਗੰਦੇ ਪਾਣੀ ਵਿੱਚ ਪੈਦਾ ਹੋ ਰਹੇ ਮੱਛਰ ਦੇ ਲਾਰਵੇ ਨੂੰ ਖਾਂਦੀ ਹੈ ਜਿਸ ਨਾਲ ਅੱਗੇ ਮੱਛਰ ਨਹੀਂ ਫੈਲੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੇ ਘਰਾਂ ਤੇ ਦਫਤਰਾਂ ਦੇ ਆਲੇ ਦੁਆਲੇ ਸਫਾਈ ਸਾਫ ਸਫਾਈ ਰੱਖਣ ਡੇਂਗੂ ਬੁਖ਼ਾਰ ਖਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ।
ਉਨ੍ਹਾਂ ਕਿਹਾ ਕਿ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਤਾਦਾਦ ਵਿੱਚ ਵਾਧਾ ਹੁੰਦਾ ਹੈ। ਪਿੰਡਾਂ ਵਿੱਚ ਘਰਾਂ ਦੇ ਅੰਦਰ ਜਾਂ ਬਾਹਰ ਬਣੇ ਪਾਰਕਾਂ ਵਿੱਚ ਪਏ ਗਮਲਿਆਂ, ਕੂਲਰਾਂ, ਫਰਿੱਜ ਦੀਆਂ ਟ੍ਰੇਆਂ, ਘਰਾਂ ਦੀਆਂ ਛੱਤਾਂ ਉੱਪਰ ਸੁੱਟੇ ਟੁੱਟੇ-ਫੁੱਟੇ ਬਰਤਨਾਂ ਆਦਿ ਵਿੱਚ ਜੇਕਰ ਫਾਲਤੂ ਪਾਣੀ ਹਫਤੇ ਤੱਕ ਖੜ੍ਹਾ ਰਹਿ ਜਾਂਦਾ ਹੈ ਤਾਂ ਇਸ ਪਾਣੀ ਉੱਤੇ ਮੱਛਰ ਦੁਆਰਾ ਦਿੱਤੇ ਅੰਡਿਆਂ ਤੋਂ ਹੋਰ ਮੱਛਰ ਪੈਦਾ ਹੋ ਜਾਂਦਾ ਹੈ।
ਡੈਂਗੂ ਫੈਲਾਉਣ ਵਾਲਾ ਮਾਦਾ ਮੱਛਰ 'ਐਡੀਜ਼' ਇਸ ਤਰ੍ਹਾਂ ਖੜੇ ਪਾਣੀ ਉੱਤੇ ਅੰਡੇ ਦੇ ਕੇ ਆਪਣੇ ਪਰਿਵਾਰ ਦਾ ਵਾਧਾ ਕਰਦੇ ਹਨ। ਇਸ ਕਰਕੇ ਸਾਨੂੰ ਹਰ ਹਫਤੇ ਆਪਣੇ ਘਰਾਂ ਵਿੱਚ ਪਏ ਉਹਨਾਂ ਬਰਤਨਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੋਵੇ, ਤਾਂ ਜੋ ਮੱਛਰ ਦੇ ਸਰਕਲ ਨੂੰ ਨਸ਼ਟ ਕੀਤਾ ਜਾ ਸਕੇ।