ਸਰਕਾਰ ਹਰ ਮਹੀਨੇ 30000 ਐਥਲੀਟਾਂ ਨੂੰ 50,000 ਰੁਪਏ ਦੇ ਕੇ 2036 ਓਲੰਪਿਕ ਦੀ ਤਿਆਰੀ ਕਰ ਰਹੀ ਹੈ : ਅਮਿਤ ਸ਼ਾਹ
ਜਿੱਤ ਅਤੇ ਹਾਰ ਜ਼ਿੰਦਗੀ ਦਾ ਸਦੀਵੀ ਚੱਕਰ ਹੈ ਅਤੇ ਜਿੱਤਣ ਦਾ ਟੀਚਾ ਨਿਰਧਾਰਤ ਕਰਨਾ, -ਅਮਿਤ ਸ਼ਾਹ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਰਕਾਰ ਲਗਭਗ 3,000 ਐਥਲੀਟਾਂ ਨੂੰ 50,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਪ੍ਰਦਾਨ ਕਰ ਕੇ 2036 ਓਲੰਪਿਕ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਵਿਸਥਾਰਤ ਯੋਜਨਾਬੱਧ ਯੋਜਨਾ ਬਣਾ ਰਹੀ ਹੈ।
21ਵੀਂ ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼-2025 ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਸਨਮਾਨਿਤ ਕਰਨ ਲਈ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜਿੱਤ ਅਤੇ ਹਾਰ ਜ਼ਿੰਦਗੀ ਦਾ ਸਦੀਵੀ ਚੱਕਰ ਹੈ ਅਤੇ ਜਿੱਤਣ ਦਾ ਟੀਚਾ ਨਿਰਧਾਰਤ ਕਰਨਾ, ਜਿੱਤ ਦੀ ਯੋਜਨਾ ਬਣਾਉਣਾ ਹਰ ਕਿਸੇ ਦਾ ‘ਸੁਭਾਅ’ ਹੋਣਾ ਚਾਹੀਦਾ ਹੈ ਅਤੇ ਜਿੱਤਣਾ ਆਦਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਕਿ ਜਿਹੜੇ ਲੋਕ ਜਿੱਤਣ ਦੀ ਆਦਤ ਪੈਦਾ ਕਰਦੇ ਹਨ ਉਹ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਖੇਡਾਂ ਨੂੰ ਹਰ ਪਿੰਡ ਤਕ ਪਹੁੰਚਾਉਣ ਦਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਖੇਡ ਵਿਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੀ ਚੋਣ ਅਤੇ ਸਿਖਲਾਈ ਵਿਗਿਆਨਕ ਢੰਗ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਪਿਛਲੇ 10 ਸਾਲਾਂ ’ਚ ਖੇਡਾਂ ਨੂੰ ਬਹੁਤ ਮਹੱਤਵ ਦਿਤਾ ਗਿਆ ਹੈ। ਬਜਟ ਵਿਚ ਪੰਜ ਗੁਣਾ ਵਾਧਾ ਕੀਤਾ ਗਿਆ ਹੈ। ਸਰਕਾਰ ਲਗਭਗ 3,000 ਐਥਲੀਟਾਂ ਨੂੰ 50,000 ਰੁਪਏ ਪ੍ਰਤੀ ਮਹੀਨਾ ਸਹਾਇਤਾ ਪ੍ਰਦਾਨ ਕਰ ਕੇ 2036 ਓਲੰਪਿਕ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਲਈ ਵਿਸਥਾਰਤ ਯੋਜਨਾਬੱਧ ਯੋਜਨਾ ਬਣਾ ਰਹੀ ਹੈ।’’
ਸ਼ਾਹ ਨੇ ਕਿਹਾ ਕਿ ਹਰ ਪੁਲਿਸ ਅਧਿਕਾਰੀ ਦਾ ਰੁਟੀਨ ਅਜਿਹਾ ਹੋਣਾ ਚਾਹੀਦਾ ਹੈ ਕਿ ਦਿਨ ਦੀ ਸ਼ੁਰੂਆਤ ਸਵੇਰੇ ਅਧੀਨ ਸਟਾਫ ਨਾਲ ਪਰੇਡ ਨਾਲ ਹੋਵੇ ਅਤੇ ਸ਼ਾਮ ਨੂੰ ਖੇਡਾਂ ਨਾਲ ਸਮਾਪਤ ਹੋਵੇ।
ਉਨ੍ਹਾਂ ਕਿਹਾ ਕਿ ਜੇਕਰ ਸਾਰੇ ਪੁਲਿਸ ਮੁਲਾਜ਼ਮ ਨਿਯਮਤ ਖੇਡਾਂ ਦੀ ਆਦਤ ਵਿਕਸਿਤ ਕਰ ਲੈਣ ਤਾਂ ਇਸ ਨਾਲ ਨਾ ਸਿਰਫ ਤਣਾਅ ਦੂਰ ਹੋਵੇਗਾ ਬਲਕਿ ਕੰਮ ਦੀ ਗੁਣਵੱਤਾ ਵਿਚ ਵੀ ਸੁਧਾਰ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੇ ਪੁਲਿਸ ਬਲ ਜੋ ‘ਆਲ ਇੰਡੀਆ ਪੁਲਿਸ ਸਪੋਰਟਸ ਕੰਟਰੋਲ ਬੋਰਡ’ ਦਾ ਹਿੱਸਾ ਹਨ, ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਤਮਗੇ ਜਿੱਤਣ ਦਾ ਟੀਚਾ ਰਖਣਾ ਚਾਹੀਦਾ ਹੈ।
ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਅਰਜੁਨ ਸਿਰਫ ਪੰਛੀ ਦੀ ਅੱਖ ਵੇਖ ਸਕਦਾ ਹੈ, ਉਸੇ ਤਰ੍ਹਾਂ ਖੇਡਾਂ ਨਾਲ ਜੁੜੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਐਥਲੀਟਾਂ ਨੂੰ ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼ 2029 ਦਾ ਟੀਚਾ ਰਖਣਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ। ਇਹ ਖੇਡਾਂ 2029 ਵਿਚ ਅਹਿਮਦਾਬਾਦ, ਗਾਂਧੀਨਗਰ ਅਤੇ ਕੇਵੜੀਆ ਵਿਚ ਹੋਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਭਾਰਤ 2036 ਓਲੰਪਿਕ ’ਚ ਚੋਟੀ ਦੇ ਪੰਜ ਤਮਗਾ ਜੇਤੂ ਦੇਸ਼ਾਂ ’ਚ ਸ਼ਾਮਲ ਹੋਵੇਗਾ।