ਕ੍ਰਿਕੇਟ ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਦਰਜ ਕੀਤੀ ਲਗਾਤਾਰ ਚੌਥੀ ਜਿੱਤ, ਅਫਗਾਨਿਸਤਾਨ ਨੂੰ 149 ਦੌੜਾਂ ਨਾਲ ਹਰਾਇਆ
ਸਭ ਤੋਂ ਵੱਧ 71 ਦੌੜਾਂ ਬਣਾਉਣ ਵਾਲਾ ਗਲੇਨ ਫ਼ਿਲੀਪਸ ਬਣਿਆ ‘ਪਲੇਅਰ ਆਫ਼ ਦ ਮੈਚ’
ਚੇਨਈ: ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 149 ਦੌੜਾਂ ਨਾਲ ਹਰਾ ਕੇ ਕ੍ਰਿਕੇਟ ਵਿਸ਼ਵ ਕੱਪ ’ਚ ਲਗਾਤਾਰ ਚੌਥੀ ਜਿੱਤ ਦਰਜ ਕਰ ਲਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਛੇ ਵਿਕਟਾਂ ’ਤੇ 288 ਦੌੜਾਂ ਬਣਾਈਆਂ। ਜਵਾਬ ’ਚ ਅਫਗਾਨਿਸਤਾਨ ਦੀ ਪੂਰੀ ਟੀਮ 34.4 ਓਵਰਾਂ ’ਚ 139 ਦੌੜਾਂ ’ਤੇ ਆਊਟ ਹੋ ਗਈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਜਵਾਨ ਬੱਲੇਬਾਜ਼ ਗਲੇਨ ਫਿਲਿਪਸ ਅਤੇ ਕਪਤਾਨ ਟੌਮ ਲੈਥਮ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਕੁਝ ਮੁਸ਼ਕਲ ਹਾਲਾਤ ’ਚੋਂ ਲੰਘਣ ਦੇ ਬਾਵਜੂਦ ਅਫ਼ਗਾਨਿਸਤਾਨ ਨੂੰ 289 ਦੌੜਾਂ ਦਾ ਟੀਚਾ ਦਿਤਾ। ਫਿਲਿਪਸ ਨੇ 80 ਗੇਂਦਾਂ ’ਚ ਚਾਰ ਚੌਕਿਆਂ ਅਤੇ ਏਨੇ ਹੀ ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਉਸ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ। ਲੈਥਮ ਨੇ 74 ਗੇਂਦਾਂ ’ਚ 68 ਦੌੜਾਂ ਬਣਾਈਆਂ ਜਿਸ ’ਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਦੋਹਾਂ ਨੇ ਪੰਜਵੀਂ ਵਿਕਟ ਲਈ 144 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਕਾਰਨ ਨਿਊਜ਼ੀਲੈਂਡ ਆਖਰੀ 10 ਓਵਰਾਂ ’ਚ 103 ਦੌੜਾਂ ਜੋੜਨ ’ਚ ਸਫਲ ਰਿਹਾ। ਇਨ੍ਹਾਂ ਦੋਹਾਂ ਤੋਂ ਪਹਿਲਾਂ ਵਿਲ ਯੰਗ (64 ਗੇਂਦਾਂ ’ਤੇ 54 ਦੌੜਾਂ, ਚਾਰ ਚੌਕੇ, ਤਿੰਨ ਛੱਕੇ) ਨੇ ਵੀ ਅਰਧ ਸੈਂਕੜਾ ਲਗਾਇਆ।
ਪਿਛਲੇ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਨ ਵਾਲੇ ਅਫਗਾਨਿਸਤਾਨ ਲਈ ਅਜ਼ਮਤ ਉਮਰਜ਼ਈ ਅਤੇ ਨਵੀਨ ਉਲ ਹੱਕ ਨੇ ਦੋ-ਦੋ ਵਿਕਟਾਂ ਲਈਆਂ। ਕੀਵੀ ਬੱਲੇਬਾਜ਼ਾਂ ’ਤੇ ਦਬਾਅ ਸੀ ਅਤੇ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿਤਾ। ਇਹੀ ਕਾਰਨ ਸੀ ਕਿ 21ਵੇਂ ਤੋਂ 30ਵੇਂ ਓਵਰ ਤਕ 29 ਦੌੜਾਂ ਅਤੇ 31ਵੇਂ ਤੋਂ 40ਵੇਂ ਓਵਰ ਤਕ 47 ਦੌੜਾਂ ਹੀ ਬਣਾਈਆਂ ਗਈਆਂ। ਇਸ ਦੌਰਾਨ ਸਿਰਫ਼ ਚਾਰ ਚੌਕੇ ਅਤੇ ਇਕ ਛੱਕਾ ਲੱਗਾ।
ਜਵਾਬ ’ਚ ਅਫ਼ਗਾਨਿਸਤਾਨ ਦੇ ਬੱਲੇਬਾਜ਼ ਕਦੇ ਵੀ ਮੈਚ ਜਿੱਤਦੇ ਨਹੀਂ ਦਿਸੇ। ਅਫ਼ਗਾਨਿਸਤਾਨ ਦਾ ਪਹਿਲਾ ਵਿਕੇਟ 27 ਦੌੜਾਂ ’ਤੇ ਰਹਿਮਨੁੱਲਾ ਗੁਰਬਾਜ਼ ਦੇ ਰੂਪ ’ਚ ਡਿੱਗਾ ਜਿਸ ਨੇ 11 ਦੌੜਾਂ ਬਣਾਈਆਂ। ਦੂਜੇ ਓਪਨਰ ਇਬਰਾਹਿਮ ਜ਼ਾਦਰਾਨ ਵੀ 14 ਦੌੜਾਂ ਬਣਾ ਕੇ ਆਊਟ ਹੋ ਗਏ। ਸਭ ਤੋਂ ਵੱਧ 36 ਦੌੜਾਂ ਰਹਿਮਤ ਸ਼ਾਹ ਨੇ ਬਣਾਈਆਂ। ਨਿਊਜ਼ੀਲੈਂਡ ਵਲੋਂ ਮਿਸ਼ੇਲ ਸੈਂਟਰ ਅਤੇ ਲੋਕੀ ਫਰਗੂਸਨ ਨੇ 3-3 ਅਤੇ ਮੈਟ ਹੈਨਰੀ ਤੇ ਰਚਿਨ ਰਵਿੰਦਰਾ ਨੇ 1-1 ਵਿਕੇਟ ਲਈ। ਟਰੈਂਟ ਬੋਲਟ ਨੇ 2 ਵਿਕਟਾਂ ਲਈਆਂ।