ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਵਿੱਚ ਅਫ਼ਗਾਨਿਸਤਾਨ ਦੇ ਤਿੰਨ ਕ੍ਰਿਕਟਰਾਂ ਦੀ ਹੋਈ ਮੌਤ
ਅਫਗਾਨਿਸਤਾਨ ਨੇ ਪਾਕਿ ਨਾਲ ਟੀ-20 ਤਿਕੋਣੀ ਲੜੀ ਖੇਡਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ : ਪਾਕਿਸਤਾਨ ਅਤੇ ਅਫਗਾਨਿਸਤਾਨ ਤਾਲਿਬਾਨ ਵਿਚਕਾਰ ਚੱਲ ਰਿਹਾ ਤਣਾਅ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਇਸਲਾਮਾਬਾਦ ਅਤੇ ਕਾਬੁਲ ਦੇ 48 ਘੰਟੇ ਦੇ ਸੀਜਫਾਇਰ ਨੂੰ ਅੱਗੇ ਵਧਾਉਣ ਦੀ ਸਹਿਮਤ ਦੀ ਕੁੱਝ ਦੇਰ ਬਾਅਦ ਹੀ ਪਾਕਿਸਤਾਨ ਨੇ ਅਫ਼ਗਾਨਿਸਤਾਨ ’ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਅਫਗਾਨਿਸਤਾਨ ਦੇ ਤਿੰਨ ਕ੍ਰਿਕਟਰਾਂ ਦੀ ਮੌਤ ਹੋ ਗਈ।
ਪਾਕਿਸਤਾਨ ਨੇ ਇਹ ਹਵਾਈ ਹਮਲਾ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਜ਼ਿਲਿ੍ਹਆਂ ’ਚ ਕੀਤਾ ਹੈ। ਹਵਾਈ ਹਮਲਿਆਂ ’ਚ ਕਥਿਤ ਤੌਰ ’ਤੇ ਦੇਸ਼ ਦੇ ਉਰਗੁਨ ਅਤੇ ਬਰਮਲ ਜ਼ਿਲਿ੍ਹਆਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਵੱਡੀ ਗਿਣਤੀ ’ਚ ਨਾਗਰਿਕਾਂ ਨੂੰ ਨੁਕਸਾਨ ਪਹੁੰਚਿਆ ਹੈ।
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਤਿੰਨ ਕ੍ਰਿਕਟਰਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਪਾਕਿਸਤਾਨ ਦੇ ਨਾਲ ਹੋਣ ਵਾਲੀ ਤ੍ਰਿਕੋਣੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਲੜੀ ਤੋਂ ਆਪਣਾ ਨਾਮ ਵਾਪਸਾ ਲੈਣ ਦਾ ਐਲਾਨ ਕੀਤਾ ਹੈ। ਸ਼ੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੈ ਕਿਹਾ ਕਿ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਪਕਿਤਕਾ ਪ੍ਰਾਂਤ ਦੇ ਉਰਗੁਨ ਜ਼ਿਲ੍ਹੇ ਦੇ ਬਹਾਦੁਰ ਕ੍ਰਿਕਟਰਾਂ ਦੀ ਮੌਤ ’ਤੇ ਦੁੱਖ ਅਤੇ ਸ਼ੋਕ ਪ੍ਰਗਟ ਕਰਦਾ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਪ੍ਰਸ਼ਾਸਨ ਵੱਲੋਂ ਨਿਸ਼ਾਨਾ ਬਣਾਇਆ ਗਿਆ।
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਖਿਡਾਰੀ ਇਕ ਦੋਸਤਾਨਾ ਕ੍ਰਿਕਟ ਮੈਚ ’ਚ ਹਿੱਸਾ ਲੈਣ ਲਈ ਪਕਿਤਕਾ ਸੂਬੇ ਦੀ ਰਾਜਧਾਨੀ ਸ਼ਾਰਾਨਾ ਗਏ ਸਨ। ਉਰਗੁਨ ’ਚ ਘਰ ਪਰਤਣ ਤੋਂ ਬਾਅਦ ਇਕ ਸਥਾਨਕ ਸਭਾ ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ’ਚ ਕਬੀਰ, ਸਿਬਗਤੁਲਾਹ ਅਤੇ ਹਾਰੁਨ ਦੇ ਕ੍ਰਿਕਟ ਖਿਡਾਰੀਆਂ ਦੀ ਮੌਤ ਹੋ ਗਈ।