ਧੁੰਦ ਕਾਰਨ ਰੱਦ ਹੋਇਆ ਲਖਨਊ ’ਚ ਖੇਡਿਆ ਜਾਣ ਵਾਲਾ ਟੀ-20 ਮੈਚ
ਹੁਣ ਬੀ.ਸੀ.ਸੀ.ਆਈ. ਸਭ ਨੂੰ ਟਿਕਟਾਂ ਦੇ ਪੈਸੇ ਕਰੇਗੀ ਵਾਪਸ
ਨਵੀਂ ਦਿੱਲੀ : ਭਾਰਤ ਅਤੇ ਸਾਊਥ ਅਫਰੀਕਾ ਦਰਮਿਆਨ ਖੇਡਿਆ ਜਾਣ ਵਾਲਾ ਚੌਥਾ ਟੀ-20 ਮੈਚ ਬੀਤੀ ਰਾਤ ਰੱਦ ਹੋ ਗਿਆ। ਪਰ ਇਸ ਮੈਚ ਨੂੰ ਦੇਖਣ ਲਈ ਲਈ ਇੱਕ ਕ੍ਰਿਕਟ ਪ੍ਰੇਮੀ ਨੇ ਕਣਕ ਵੇਚ ਕੇ ਟਿਕਟ ਖਰੀਦੀ ਸੀ ਜਦਿਕ ਇੱਕ ਕ੍ਰਿਕਟ ਪ੍ਰੇਮੀ ਨੇਪਾਲ ਤੋਂ ਲਖਨਊ ਸਿਰਫ਼ ਮੈਚ ਵੇਖਣ ਆਇਆ ਸੀ ਪਰ ਸੰਘਣੀ ਧੁੰਦ ਕਾਰਨ ਮੈਚ ਰੱਦ ਹੋ ਗਿਆ। ਨਿਰਾਸ਼ ਕ੍ਰਿਕਟ ਪ੍ਰੇਮੀਆਂ ਨੇ ਟਿਕਟ ਦੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਬੀ.ਸੀ.ਸੀ.ਆਈ. ਉਨ੍ਹਾਂ ਦੇ ਪੈਸੇ ਵਾਪਸ ਕਰੇਗੀ।
ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ 17 ਦਸੰਬਰ ਨੂੰ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਚੌਥਾ ਟੀ-20 ਮੈਚ ਖੇਡਿਆ ਜਾਣਾ ਸੀ। ਸ਼ਹਿਰ ਵਿੱਚ ਸ਼ਾਮ ਤੋਂ ਹੀ ਧੁੰਦ ਸੀ ਪਰ ਇਸ ਦੇ ਬਾਵਜੂਦ ਹਜ਼ਾਰਾਂ ਦਰਸ਼ਕ ਸਟੇਡੀਅਮ ਪਹੁੰਚ ਗਏ। ਹਾਲਾਂਕਿ ਮੈਚ ਵਿੱਚ ਟਾਸ ਤੱਕ ਨਹੀਂ ਹੋ ਸਕਿਆ। ਅੰਪਾਇਰਾਂ ਨੇ ਛੇ ਵਾਰ ਮੈਦਾਨ ਦਾ ਮੁਆਇਨਾ ਕੀਤਾ। ਆਖਰ ਵਿੱਚ ਫੈਸਲਾ ਹੋਇਆ ਕਿ ਘੱਟ ਵਿਜੀਬਿਲਟੀ ਹੋਣ ਕਰਕੇ ਮੈਚ ਨਹੀਂ ਹੋ ਸਕਦਾ। ਇਸ ਲਈ ਦਰਸ਼ਕਾਂ ਨੂੰ ਬਿਨਾਂ ਮੈਚ ਵੇਖੇ ਹੀ ਵਾਪਸ ਮੁੜਨਾ ਪਿਆ।
ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਸਾਰੇ ਅੰਤਰਰਾਸ਼ਟਰੀ ਮੈਚਾਂ ਦਾ ਇੰਸ਼ੋਰੈਂਸ ਹੁੰਦਾ ਹੈ, ਜੋ ਆਯੋਜਨ ਕਰਵਾਉਣ ਵਾਲੀ ਸੂਬਾ ਕ੍ਰਿਕਟ ਐਸੋਸੀਏਸ਼ਨ ਕਰਵਾਉਂਦੀ ਹੈ। ਨਿਯਮ ਅਨੁਸਾਰ ਜੇ ਮੈਚ ਵਿੱਚ ਇੱਕ ਵੀ ਗੇਂਦ ਪਾਈ ਜਾਂਦੀ, ਤਾਂ ਪੈਸਾ ਵਾਪਸ ਨਹੀਂ ਮਿਲਦਾ। ਭਾਰਤ-ਸਾਊਥ ਅਫਰੀਕਾ ਚੌਥੇ ਟੀ-20 ਮੈਚ ਵਿੱਚ ਟਾਸ ਤੱਕ ਨਹੀਂ ਹੋਇਆ। ਇਸ ਲਈ ਯੂ.ਪੀ. ਕ੍ਰਿਕਟ ਐਸੋਸੀਏਸ਼ਨ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਕਰੇਗੀ।
ਇਹ ਪ੍ਰਕਿਰਿਆ ਪੂਰੀ ਹੋਣ ਵਿੱਚ ਲਗਭਗ 7 ਤੋਂ 10 ਦਿਨ ਲੱਗਣਗੇ। ਟਿਕਟ ਆਨਲਾਈਨ ਵੇਚੇ ਗਏ ਸਨ, ਇਸ ਲਈ ਦਰਸ਼ਕਾਂ ਦੀ ਜਾਣਕਾਰੀ ਉਪਲਬਧ ਹੈ। ਇੰਸ਼ੋਰੈਂਸ ਦਾ ਪੈਸਾ ਮਿਲਣ ਤੋਂ ਬਾਅਦ ਟਿਕਟ ਦੀ ਰਕਮ ਸਿੱਧੇ ਦਰਸ਼ਕਾਂ ਦੇ ਬੈਂਕ ਖਾਤਿਆਂ ਵਿੱਚ ਵਾਪਸ ਭੇਜ ਦਿੱਤੀ ਜਾਵੇਗੀ।