ਸਰਦਾਰ ਸਿੰਘ  ਨੂੰ ਹਾਕੀ ਇੰਡੀਆ 'ਚ ਮਿਲੀ ਵੱਡੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ ਸਾਲ ਅਚਾਨਕ ਹਾਕੀ ਤੋਂ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੇ ਸਰਕਾਰ ਸਿੰਘ ਨੂੰ ਹਾਕੀ ਇੰਡੀਆ ਨੇ ਹੁਣ ਵੱਡੀ ਜ਼ਿੰਮੇਵਾਰੀ ਦੇ ਦਿਤੀ ਹੈ। ਉਨ੍ਹਾਂ....

Sardar Singh

ਨਵੀਂ ਦਿੱਲੀ : ਪਿਛਲੇ ਸਾਲ ਅਚਾਨਕ ਹਾਕੀ ਤੋਂ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੇ ਸਰਕਾਰ ਸਿੰਘ ਨੂੰ ਹਾਕੀ ਇੰਡੀਆ ਨੇ ਹੁਣ ਵੱਡੀ ਜ਼ਿੰਮੇਵਾਰੀ ਦੇ ਦਿਤੀ ਹੈ। ਉਨ੍ਹਾਂ ਨੂੰ ਹਾਕੀ ਇੰਡੀਆ ਦੀ 13 ਮੈਂਬਰੀ ਚੋਣ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਜਿਸ ਦੇ ਪ੍ਰਧਾਨ 1975 ਵਿਸ਼ਵ ਕੱਪ ਦੀ ਵਿਜੇਤਾ ਟੀਮ ਦੇ ਮੈਂਬਰ ਬੀ ਪੀ ਗੋਵਿੰਦਾ ਹੋਣਗੇ। ਸਰਦਾਰ ਸਿੰਘ ਨੇ ਹਾਕੀ ਇੰਡੀਆ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।

ਉਨ੍ਹਾਂ ਆਖਿਆ ਮੈਂ ਕਿਸੇ ਵੀ ਤਰ੍ਹਾਂ ਹਾਕੀ ਦੀ ਸੇਵਾ ਕਰਨਾ ਚਾਹੁੰਦਾ ਹਾਂ ਅਤੇ ਇਹ ਮੇਰੇ ਲਈ ਨਵੀਂ ਚੁਣੌਤੀ ਹੈ। ਸਰਦਾਰ ਸਿੰਘ ਨੇ ਆਖਿਆ ਕਿ ਹਾਕੀ ਇੰਡੀਆ ਵਿਚ ਮੈਂ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਇਸ ਚੋਣ ਕਮੇਟੀ ਵਿਚ ਹਰਬਿੰਦਰ ਸਿੰਘ, ਸੱਯਦ ਅਲੀ, ਏਬੀ ਸਬੈਈਆ, ਆਰ ਪੀ ਸਿੰਘ, ਰਜਨੀਸ਼ ਮਿਸ਼ਰਾ, ਜੈਦੀਪ ਕੌਰ, ਸੁਰਿੰਦਰ ਕੌਰ, ਅਸੁੰਤਾ ਲਾਕੜਾ, ਹਾਈ ਪ੍ਰਫਾਰਮੈਂਸ ਡਾਇਰੈਕਟਰ ਡੇਵਿਡ ਜੌਨ ਅਤੇ ਸੀਨੀਅਰ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਮੁੱਖ ਕੋਚ ਸ਼ਾਮਲ ਹਨ। 

ਦਸ ਦਈਏ ਕਿ ਸਰਦਾਰ ਸਿੰਘ ਸਾਲ 2008 ਵਿਚ ਅਜਲਾਨਸ਼ਾਹ ਹਾਕੀ ਟੂਰਨਾਮੈਂਟ ਵਿਚ ਪਹਿਲੀ ਵਾਰ ਟੀਮ ਦੀ ਅਗਵਾਈ ਕਰਕੇ ਦੇਸ਼ ਦੇ ਸਭ ਤੋਂ ਨੌਜਵਾਨ ਹਾਕੀ ਕਪਤਾਨ ਬਣੇ ਸਨ। 2014 ਵਿਚ ਇੰਚਿਓਨ ਵਿਚ ਹੋਈਆਂ ਏਸ਼ੀਆਈ ਖੇਡਾਂ ਦੇ ਉਦਘਾਟਨ ਦੌਰਾਨ ਉਹ ਭਾਰਤੀ ਟੀਮ ਦੇ ਝੰਡਾਬਰਦਾਰ ਬਣੇ ਸਨ ਅਤੇ ਸਰਦਾਰ ਦੀ ਕਪਤਾਨੀ ਵਿਚ ਭਾਰਤ ਨੇ ਗੋਲਡ ਮੈਡਲ ਹਾਸਲ ਕੀਤਾ ਸੀ।

2012 ਵਿਚ ਸਰਦਾਰ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦਕਿ 2015 ਵਿਚ ਉਨ੍ਹਾਂ ਨੂੰ ਦੇਸ਼ ਦੇ ਨਾਗਰਿਕ ਸਨਮਾਨ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਮੀਦ ਹੈ ਕਿ ਸਰਦਾਰ ਸਿੰਘ ਹਾਕੀ ਇੰਡੀਆ ਵਿਚ ਅਪਣੀ ਨਵੀਂ ਜ਼ਿੰਮੇਵਾਰੀ ਨੂੰ ਵੀ ਬਾਖ਼ੂਬੀ ਨਿਭਾਉਣਗੇ।