ਬਬੀਤਾ ਫੋਗਾਟ ਬਣੀ ਸਰਕਾਰ ਦੀ 'ਦੂਤ', ਪਹਿਲਵਾਨਾਂ ਵੱਲੋਂ ਨਵੀਂ ਫ਼ੈਡਰੇਸ਼ਨ ਦੀ ਮੰਗ 

ਏਜੰਸੀ

ਖ਼ਬਰਾਂ, ਖੇਡਾਂ

ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਵੀ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ

Image

 

ਨਵੀਂ ਦਿੱਲੀ - ਤਿੰਨ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਖਿਡਾਰਨ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਨੇ ਵੀਰਵਾਰ ਨੂੰ ਸਰਕਾਰ ਦੀ 'ਦੂਤ' ਬਣ ਕੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ, ਜਿਨ੍ਹਾਂ ਨੇ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਕੀਤੀ ਸੀ। 

ਤਿੰਨ ਵਾਰ ਦੀ ਰਾਸ਼ਟਰਮੰਡਲ ਚੈਂਪੀਅਨ ਵਿਨੇਸ਼ ਫੋਗਾਟ, ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਲਗਾਤਾਰ ਦੂਜੇ ਦਿਨ ਜੰਤਰ-ਮੰਤਰ 'ਤੇ ਧਰਨਾ ਦਿੱਤਾ। ਉਹ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਜਿਸ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ।

ਸਾਬਕਾ ਪਹਿਲਵਾਨ ਬਬੀਤਾ ਨੇ ਧਰਨੇ ਵਾਲੀ ਥਾਂ ’ਤੇ ਆ ਕੇ ਪਹਿਲਵਾਨਾਂ ਦੀਆਂ ਮੰਗਾਂ ਸੁਣੀਆਂ।

ਉਸ ਨੇ ਕਿਹਾ, "ਮੈਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੀ। ਮੈਂ ਪਹਿਲਾਂ ਪਹਿਲਵਾਨ ਹਾਂ, ਤੇ ਫਿਰ ਸਿਆਸਤਦਾਨ। ਮੈਂ ਉਨ੍ਹਾਂ ਦੇ ਦਰਦ ਨੂੰ ਸਮਝਦੀ ਹਾਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ।

ਬਜਰੰਗ, ਅੰਸ਼ੂ ਮਲਿਕ, ਸਾਕਸ਼ੀ ਅਤੇ ਵਿਨੇਸ਼ ਨੇ ਮੰਗ ਕੀਤੀ ਹੈ ਕਿ ਡਬਲਿਯੂ.ਐੱਫ.ਆਈ. ਨੂੰ ਭੰਗ ਕੀਤਾ ਜਾਵੇ ਅਤੇ ਨਵੀਂ ਫ਼ੈਡਰੇਸ਼ਨ ਬਣਾਈ ਜਾਵੇ।

ਬਬੀਤਾ ਦੇ ਜਾਂਦੇ ਹੀ ਬਜਰੰਗ, ਉਸ ਦੀ ਪਤਨੀ ਸੰਗੀਤਾ, ਵਿਨੇਸ਼, ਸਰਿਤਾ ਮੋਰ, ਅੰਸ਼ੂ ਮਲਿਕ, ਅੰਤਿਮ ਪੰਘਾਲ ਨੂੰ ਵੀ ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਵੀ ਗੱਲਬਾਤ ਲਈ ਬੁਲਾਇਆ।

ਵਿਨੇਸ਼ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਡਬਲਿਯੂ.ਐੱਫ.ਆਈ. ਪ੍ਰਧਾਨ ਕਈ ਸਾਲਾਂ ਤੋਂ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ, ਹਾਲਾਂਕਿ ਸਿੰਘ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਵਿਨੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਲਖਨਊ ਵਿੱਚ ਰਾਸ਼ਟਰੀ ਕੈਂਪ ਵਿੱਚ ਕਈ ਕੋਚਾਂ ਵੱਲੋਂ ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਕੀਤਾ ਗਿਆ।