IND vs AUS 2nd Test: ਦਿੱਲੀ ਟੈਸਟ 'ਚ ਭਾਰਤ ਦੀ ਵੱਡੀ ਜਿੱਤ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਬਾਰਡਰ-ਗਾਵਸਕਰ ਟਰਾਫੀ 2023 ਦੇ ਦੂਜੇ ਟੈਸਟ ਮੈਚ ਵਿਚ ਵੀ ਆਸਟਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

IND vs AUS 2nd Test: Big win for India in Delhi Test, Australia defeated by 6 wickets

ਨਵੀਂ ਦਿੱਲੀ : ਬਾਰਡਰ-ਗਾਵਸਕਰ ਟਰਾਫੀ 2023 ਦੇ ਦੂਜੇ ਟੈਸਟ ਮੈਚ ਵਿਚ ਵੀ ਆਸਟਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਵਿਚ ਖੇਡੇ ਗਏ ਇਸ ਮੈਚ ਵਿਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਨੇ ਇਸ ਟੈਸਟ ਦੇ ਦੂਜੇ ਦਿਨ ਆਪਣੀ ਸਥਿਤੀ ਯਕੀਨੀ ਤੌਰ 'ਤੇ ਮਜ਼ਬੂਤ ਕਰ ਲਈ ਸੀ ਪਰ ਤੀਜੇ ਦਿਨ ਦਾ ਪਹਿਲਾ ਸੈਸ਼ਨ ਉਸ ਲਈ ਕਾਫ਼ੀ ਖਰਾਬ ਰਿਹਾ ਅਤੇ ਉਹ ਟੀਮ ਇੰਡੀਆ ਨੂੰ ਕੋਈ ਵੱਡਾ ਟੀਚਾ ਨਹੀਂ ਦੇ ਸਕੇ। ਨਤੀਜਾ ਇਹ ਨਿਕਲਿਆ ਕਿ ਹੁਣ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਇਸ ਟੈਸਟ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ।

ਇਸ ਮੈਚ 'ਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤਿਆ ਸੀ। ਉਸ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਉਸਮਾਨ ਖਵਾਜਾ (81) ਅਤੇ ਪੀਟਰ ਹੈਂਡਸਕੌਂਬ (72) ਤੋਂ ਇਲਾਵਾ ਇੱਥੇ ਕੋਈ ਹੋਰ ਬੱਲੇਬਾਜ਼ ਟਿਕ ਨਹੀਂ ਸਕਿਆ ਅਤੇ ਆਸਟਰੇਲੀਆ ਦੀ ਟੀਮ ਸਿਰਫ਼ 263 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 4, ਜਡੇਜਾ ਅਤੇ ਅਸ਼ਵਿਨ ਨੇ 3-3 ਵਿਕਟਾਂ ਲਈਆਂ। ਇਸ ਤੋਂ ਬਾਅਦ ਪਹਿਲੇ ਦਿਨ ਵੀ ਭਾਰਤੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਸਨ।

ਦੂਜੇ ਦਿਨ ਦੀ ਸ਼ੁਰੂਆਤ ਤੋਂ ਹੀ ਆਸਟ੍ਰੇਲੀਆਈ ਸਪਿਨਰ ਭਾਰਤੀ ਬੱਲੇਬਾਜ਼ਾਂ 'ਤੇ ਭਾਰੀ ਨਜ਼ਰ ਆਏ। ਹਾਲਤ ਇਹ ਸੀ ਕਿ ਭਾਰਤੀ ਟੀਮ 139 ਦੌੜਾਂ 'ਤੇ 7 ਵਿਕਟਾਂ ਗੁਆ ਕੇ ਮੁਸ਼ਕਲ 'ਚ ਫਸ ਗਈ ਸੀ। ਇੱਥੋਂ ਅਕਸਰ ਪਟੇਲ ਅਤੇ ਆਰ ਅਸ਼ਵਿਨ ਨੇ 114 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਟੀਮ ਨੂੰ ਮੁੜ ਸੁਰਜੀਤ ਕੀਤਾ। ਇਸ ਸਾਂਝੇਦਾਰੀ ਦੀ ਬਦੌਲਤ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 262 ਦੌੜਾਂ ਬਣਾਈਆਂ।

ਆਸਟ੍ਰੇਲੀਆ ਲਈ ਨਾਥਨ ਲਿਓਨ ਨੇ 5 ਅਤੇ ਟੌਡ ਮਰਫੀ ਅਤੇ ਮੈਥਿਊ ਕੁਹਨੇਮੈਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਇੱਥੇ ਆਸਟਰੇਲੀਆ ਨੂੰ ਨਾ ਸਿਰਫ਼ ਇੱਕ ਦੌੜਾਂ ਦੀ ਬੜ੍ਹਤ ਮਿਲੀ, ਸਗੋਂ ਦਿਨ ਦੀ ਖੇਡ ਖ਼ਤਮ ਹੋਣ ਤੱਕ ਉਸ ਦੇ ਬੱਲੇਬਾਜ਼ਾਂ ਨੇ ਇੱਕ ਵਿਕਟ ਗੁਆ ਕੇ 61 ਦੌੜਾਂ ਬਣਾਈਆਂ। ਯਾਨੀ ਕੁੱਲ ਲੀਡ 62 ਦੌੜਾਂ ਹੋ ਗਈ। ਇੱਥੇ ਆਸਟ੍ਰੇਲੀਆ ਟੀਮ ਨੇ ਟੈਸਟ 'ਚ ਆਪਣੀ ਪਕੜ ਮਜ਼ਬੂਤ​ਕਰ ਲਈ।