ਵਿੰਬਲਡਨ-2016 ਦੀ ਉਪ ਜੇਤੂ ਰਾਉਨਿਕ ਨੇ ਅਮਰੀਕੀ ਓਪਨ ਤੋਂ ਨਾਮ ਵਾਪਸ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ਯੂ.ਐਸ. ਓਪਨ ਦੇ ਸ਼ੁਰੂ ਹੋਣ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆ ਰਹੇ ਹਨ ਇਸ ਤੋਂ ਹਟਨ ਵਾਲੇ ਸਟਾਰ ਖਿਡਾਰੀਆਂ ਦੀ ਸੂਚੀ ਵੀ ਲੰਬੀ ਹੁੰਦੀ ਜਾ..

Milos Raonic

ਨਿਊਯਾਰਕ, 24 ਅਗੱਸਤਾਂ: ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ਯੂ.ਐਸ. ਓਪਨ ਦੇ ਸ਼ੁਰੂ ਹੋਣ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆ ਰਹੇ ਹਨ ਇਸ ਤੋਂ ਹਟਨ ਵਾਲੇ ਸਟਾਰ ਖਿਡਾਰੀਆਂ ਦੀ ਸੂਚੀ ਵੀ ਲੰਬੀ ਹੁੰਦੀ ਜਾ ਰਹੀ ਹੈ ਜਿਸ 'ਚ ਇਕ ਹੋਰ ਨਾਂ ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਕੈਨੇਡਾ ਦੇ ਮਿਲੋਸ ਰਾਉਨਿਕ ਦਾ ਨਾਂ ਜੁੜ ਗਿਆ ਹੈ।
ਰਾਉਨਿਕ ਦੀ ਕਲਾਈ 'ਚ ਸੱਟ ਹੈ ਅਤੇ ਉਹ ਇਸ ਕਾਰਨ 28 ਅਗੱਸਤ ਤੋਂ 10 ਸਤੰਬਰ ਤਕ ਨਿਊਯਾਰਕ 'ਚ ਹੋਣ ਵਾਲੇ ਯੂ.ਐਸ. ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ। ਰਾਉਨਿਕ ਨੇ ਹਾਲਾਂਕਿ ਅਗਲੇ ਸਾਲ ਟੂਰਨਾਮੈਂਟ 'ਚ ਵਾਪਸੀ ਦਾ ਭਰੋਸਾ ਦਿਤਾ ਹੈ। ਕੈਨੇਡੀਆਈ ਖਿਡਾਰੀ ਤੋਂ ਪਹਿਲਾਂ ਸਰਬੀਆ ਦੇ ਨੋਵਾਕ ਜੋਕੋਵਿਚ, ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ ਵੀ ਸੱਟਾਂ ਕਾਰਨ ਟੂਰਨਾਮੈਂਟ ਤੋਂ ਹੱਟ ਗਏ ਹਨ।
ਮਹਿਲਾਵਾਂ 'ਚ ਸਾਬਕਾ ਨੰਬਰ ਇਕ ਅਤੇ ਘਰੇਲੂ ਖਿਡਾਰਨ ਸੇਰੇਨਾ ਵਿਲੀਅਮਜ਼ ਗਰਭਵਤੀ ਹੋਣ ਦੇ ਕਾਰਨ ਨਹੀਂ ਖੇਡ ਰਹੀ ਹੈ ਤਾਂ ਵਿਕਟੋਰੀਆ ਅਜ਼ਾਰੇਂਕਾ ਨੇ ਵੀ ਅਪਣੇ ਬੱਚੇ ਦੀ ਕਸਟਡੀ ਦੇ ਕੇਸ ਦੇ ਕਾਰਨ ਹਾਲ ਹੀ 'ਚ ਯੂ.ਐਸ. ਓਪਨ ਤੋਂ ਹਟਨ ਦਾ ਐਲਾਨ ਕੀਤਾ ਸੀ। ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਰਾਉਨਿਕ ਇਸ ਮਹੀਨੇ ਮਾਂਟਰੀਅਲ ਕੱਪ 'ਚ ਖੇਡੇ ਸਨ ਪਰ ਉਹ ਦੂਜੇ ਰਾਊਂਡ 'ਚ ਹੀ ਹਾਰ ਗਏ ਸਨ।
ਇਸ ਤੋਂ ਬਾਅਦ ਉਹ ਸਿਨਸਿਨਾਟੀ ਓਪਨ ਤੋਂ ਹਟ ਗਏ ਸਨ। ਰਾਉਨਿਕ ਨੇ ਇੰਸਟਾਗ੍ਰਾਮ 'ਤੇ ਕਿਹਾ, ''ਮੇਰੇ ਮਨ 'ਚ ਯੂ.ਐਸ. ਓਪਨ ਲਈ ਬਹੁਤ ਸਨਮਾਨ ਹੈ। ਮੇਰੇ ਸਾਥੀ ਖਿਡਾਰੀ ਡਰਾਅ 'ਚ ਹਿੱਸਾ ਲੈ ਰਹੇ ਹਨ ਪਰ ਮੈਂ ਜਾਣਦਾ ਹਾਂ ਕਿ ਸੱਟ ਦੇ ਕਾਰਨ ਮੈਂ ਇਥੇ ਅਪਣਾ ਸੰਪੂਰਨ ਪ੍ਰਦਰਸ਼ਨ ਨਹੀਂ ਸਕਾਂਗਾ।  (ਪੀਟੀਆਈ)