ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਗਾਊਂ ਜ਼ਮਾਨਤ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਛੱਤਰਸਾਲ ਸਟੇਡੀਅਮ ’ਚ ਹੋਏ ਭਲਵਾਨ ਦੇ ਕਤਲ ਦਾ ਮਾਮਲਾ

Sushil Kumar

ਨਵੀਂ ਦਿੱਲੀ : ਛਤਰਸਾਲ ਸਟੇਡੀਅਮ ’ਚ ਹੋਏ ਝਗੜੇ ’ਚ ਇਕ ਪਹਿਲਵਾਨ ਦੀ ਮੌਤ ਦੇ ਸਿਲਸਿਲੇ ’ਚ ਫ਼ਰਾਰ ਚੱਲ ਰਹੇ ਓਲੰਪਿਕ ਤਮਗ਼ਾ ਜੇਤੂ ਕੁਸ਼ਤੀ ਖਿਡਾਰੀ ਸ਼ੁਸ਼ੀਲ ਕੁਮਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ।

ਦਿੱਲੀ ਦੀ ਰੋਹਿਣੀ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਵੀ ਖ਼ਾਰਜ ਕਰ ਦਿਤੀ ਗਈ ਹੈ। ਐਡੀਸ਼ਨ ਸੈਸ਼ਨ ਜੱਜ ਜਗਦੀਸ਼ ਕੁਮਾਰ ਨੇ ਸੁਸ਼ੀਲ ਕੁਮਾਰ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ ਜਿਸਦੇ ਵਿਰੁਧ ਕਤਲ, ਅਗਵਾ ਅਤੇ ਅਪਰਾਧਿਕ ਸਾਜ਼ਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਰੋਹਿਣੀ ਅਦਾਲਤ ’ਚ ਸੁਣਵਾਈ ਦੇ ਦੌਰਾਨ ਸੁਸ਼ੀਲ ਦੇ ਹਵਾਲੇ ਤੋਂ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸੁਸ਼ੀਲ ਵਲੋਂ ਸੀਨੀਅਰ ਐਡਵੋਕੇਟ ਸਿਧਾਰਥ ਲੂਥਰਾ ਤੇ ਬਜ਼ੁਰਗ ਵਕੀਲ ਆਰ. ਐਸ. ਜਾਖੜ ਨੇ ਦਲੀਲ ਦਿਤੀ। ਉਨ੍ਹਾਂ ਨੇ ਸੁਸ਼ੀਲ ਦੇ ਹਵਾਲੇ ਤੋਂ ਕਿਹਾ, ‘‘ਮੈਂ ਇਕ ਕੌਮਾਂਤਰੀ ਪੱਧਰ ਦਾ ਖਿਡਾਰੀ ਹਾਂ। ਪਦਮਸ਼੍ਰੀ ਸਮੇਤ ਦੇਸ਼ ਦੇ ਕਈ ਵੱਕਾਰੀ ਤਮਗ਼ਿਆਂ ਤੇ ਸਨਮਾਨਾਂ ਨੂੰ ਪ੍ਰਾਪਤ ਕਰ ਚੁੱਕਾ ਹਾਂ।

ਓਲੰਪਿਕ ’ਚ ਦੋ ਵਾਰ ਤਮਗ਼ਾ ਜਿੱਤਣ ਵਾਲਾ ਖਿਡਾਰੀ ਹਾਂ। ਮੈਨੂੰ ਛਤਰਸਾਲ ਸਟੇਡੀਅਮ ’ਚ ਮੇਰੇ ਅਧਿਕਾਰਤ ਕੰਮਾਂ ਲਈ ਰਿਹਾਇਸ਼ ਮਿਲੀ ਹੈ ਜਿਥੇ ਮੈਂ ਅਪਣੇ ਪ੍ਰਵਾਰ ਨਾਲ ਰਹਿੰਦਾ ਹਾਂ।’’ ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਉਨ੍ਹਾਂ ’ਤੇ ਇਕ ਲੱਖ ਰੁਪਏ ਤੇ ਸਹਿਯੋਗੀ ਅਜੇ ’ਤੇ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। 

ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ’ਤੇ 5 ਮਈ ਨੂੰ ਯੁਵਾ ਪਹਿਲਵਾਨ ਸਾਗਰ ਧਨਖੜ ਦੇ ਕਤਲ ਕਾਂਡ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਦਰਅਸਲ, ਮਾਡਲ ਟਾਊਨ ਥਾਣਾ ਖੇਤਰ ’ਚ ਛੱਤਰਸਾਲ ਸਟੇਡੀਅਮ ’ਚ ਫ਼ਲੈਟ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਸਨ, ਜਿਸ ’ਚ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਗੰਭੀਰ ਤੌਰ ’ਤੇ ਜ਼ਖਮੀ ਯੁਵਾ ਪਹਿਲਵਾਨ ਸਾਗਰ ਨੇ ਇਲਾਜ ਦੌਰਾਨ ਦਮ ਤੋੜ ਦਿਤਾ ਸੀ। ਦਿੱਲੀ ਪੁਲਿਸ ਦੀ ਜਾਂਚ  ’ਚ ਸੁਸ਼ੀਲ ਦੇ ਕਈ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਹੈ।