ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ 'ਅੱਤਵਾਦੀ' ਕਹਿਣ ਦੀ BKU ਨੇ ਕੀਤੀ ਨਿਖੇਧੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿਹਾ-ਮਾਨ ਵਰਗੇ ਖਾਨਦਾਨੀ ਸਰਕਾਰ-ਭਗਤ ਰਾਜਸੀ ਆਗੂਆਂ ਦੇ ਬੇਤੁਕੇ ਬਿਆਨਾਂ ਉੱਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ

BKU ugraha

ਚੰਡੀਗੜ੍ਹ : ਬੀਤੇ ਦਿਨੀਂ ਸੱਜਰੇ ਬਣੇ ਐਮ ਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਦਾਗੇ ਗਏ "ਭਗਤ ਸਿੰਘ ਸ਼ਹੀਦ ਨਹੀਂ ਅੱਤਵਾਦੀ ਸੀ" ਬਿਆਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਮੌਕੇ ਦਿੱਤਾ ਗਿਆ ਇਹ ਬਿਆਨ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੁਆਰਾ ਆਪਣੇ ਹੱਕਾਂ ਉੱਤੇ ਮਾਰੇ ਜਾ ਰਹੇ ਡਾਕਿਆਂ ਵਿਰੁੱਧ ਕੇਂਦਰੀ ਅਤੇ ਸੂਬਾਈ ਹਕੂਮਤਾਂ ਖ਼ਿਲਾਫ਼ ਸੰਘਰਸ਼ ਤੇਜ਼ ਅਤੇ ਵਿਸ਼ਾਲ ਕਰਨ ਤੋਂ ਨੌਜਵਾਨਾਂ ਦਾ ਧਿਆਨ ਪਾਸੇ ਹਟਾਉਣ ਦਾ ਸਰਕਾਰ-ਪੱਖੀ ਕੋਝਾ ਯਤਨ ਹੈ।

ਜਿੱਥੋਂ ਤੱਕ ਇਸ ਬਿਆਨ ਵਿੱਚ ਅੱਤਵਾਦ ਬਾਰੇ ਜ਼ਿਕਰ ਦਾ ਸੁਆਲ ਹੈ, ਮਾਨ ਨੇ ਖੁਦ ਫ਼ਰੀਦਕੋਟ ਦੇ ਐਸ ਐਸ ਪੀ ਹੁੰਦਿਆਂ ਸਰਾਏਨਾਗਾ ਪਿੰਡ ਵਿਖੇ ਸਰਦਾਰਾਂ ਦੇ ਖੂੰਖਾਰ ਕੁੱਤੇ ਨੂੰ ਮਾਰਨ ਵਾਲੇ ਨਹਿੰਗ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਤੋਂ ਧੋਖੇ ਨਾਲ ਬਾਹਰ ਸੱਦ ਕੇ ਝੂਠਾ ਮੁਕਾਬਲਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਤੋਂ ਵੱਡਾ ਅੱਤਵਾਦ ਹੋਰ ਕੀ ਹੋ ਸਕਦਾ ਹੈ? ਇਹ ਸ਼ਖਸ ਤਾਂ ਆਪਣੇ ਨਾਨੇ ਅਰੂੜ ਸਿੰਘ ਦੀ ਉਸ ਅੰਗਰੇਜ਼ ਭਗਤੀ ਨੂੰ ਵੀ ਜਾਇਜ਼ ਠਹਿਰਾ ਰਿਹਾ ਹੈ ਜਿਸ ਨੇ ਜੱਲ੍ਹਿਆਂਵਾਲਾ ਬਾਗ ਵਿਖੇ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨਣ ਵਾਲ਼ੇ ਜਨਰਲ ਡਾਇਰ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਸੀ।

ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਨੂੰ ਗੁਲਾਮੀ ਦੇ ਜੂਲੇ ਹੇਠ ਜਕੜਨ ਵਾਲੇ ਅੰਗਰੇਜ਼ ਸਾਮਰਾਜੀਆਂ ਖਿਲਾਫ ਜਾਨ ਤਲ਼ੀ 'ਤੇ ਧਰਕੇ ਆਖ਼ਰੀ ਸਾਹਾਂ ਤੱਕ ਜੂਝਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ ਸੰਗਰਾਮੀ ਯੋਧੇ ਨੂੰ ਅਜਿਹੇ ਅੱਤਵਾਦੀ ਸਾਬਕਾ ਪੁਲਿਸ ਅਫਸਰ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ। ਸਿਰਫ਼ ਲੁਟੇਰੇ ਸਾਮਰਾਜੀਆਂ ਦੇ ਪੈਰੋਕਾਰ ਹੀ ਅਜਿਹੇ ਬੇਤੁਕੇ ਬਿਆਨ ਦੇ ਸਕਦੇ ਹਨ।

ਸ਼ਹੀਦੇ ਆਜ਼ਮ ਭਗਤ ਸਿੰਘ ਤਾਂ ਇਨਕਲਾਬ ਦਾ ਸੂਹਾ ਚਿੰਨ੍ਹ ਹੈ ਜੋ ਰਹਿੰਦੀ ਦੁਨੀਆਂ ਤੱਕ ਦੱਬੇ ਕੁੱਚਲੇ ਲੋਕਾਂ ਲਈ ਚਾਨਣਮੁਨਾਰੇ ਦਾ ਕੰਮ ਕਰਦਾ ਰਹੇਗਾ ਅਤੇ ਲੁਟੇਰੇ ਸਾਮਰਾਜੀਆਂ ਤੇ ਉਨ੍ਹਾਂ ਦੇ ਝੋਲੀਚੁੱਕਾਂ ਦੀਆਂ ਅੱਖਾਂ ਵਿੱਚ ਰੋੜ ਬਣ ਕੇ ਰੜਕਦਾ ਰਹੇਗਾ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਮਾਨ ਵਰਗੇ ਖਾਨਦਾਨੀ ਸਰਕਾਰ-ਭਗਤ ਰਾਜਸੀ ਆਗੂਆਂ ਦੇ ਬੇਤੁਕੇ ਬਿਆਨਾਂ ਉੱਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ।

 ਇਸੇ ਤਰ੍ਹਾਂ ਐਸ ਵਾਈ ਐਲ ਨਹਿਰ ਬਾਰੇ ਵੀ ਮਾਨ ਦੀ ਬਿਆਨਬਾਜ਼ੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਦਿੱਲੀ ਕਿਸਾਨ ਮੋਰਚੇ ਦੌਰਾਨ ਉੱਸਰੀ ਏਕਤਾ ਵਿੱਚ ਪਾਟਕ ਪਾਉਣ ਦੀ ਕਿਸਾਨ ਵਿਰੋਧੀ ਚਾਲ ਹੈ, ਜਿਸ ਰਾਹੀਂ ਸਾਮਰਾਜੀ ਕਾਰਪੋਰੇਟਾਂ ਦੀ ਸੇਵਾਦਾਰ ਭਾਜਪਾ ਮੋਦੀ ਸਰਕਾਰ ਦਾ ਪੱਖ ਪੂਰਿਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਨੇ ਤਾਂ ਹਰ ਜਾਤ/ਧਰਮ ਤੇ ਹਰ ਇਲਾਕੇ ਦੇ ਜੁਝਾਰੂ ਨੌਜਵਾਨਾਂ ਨੂੰ ਸਾਮਰਾਜੀ ਲੁੱਟ ਤੇ ਜ਼ੁਲਮਾਂ ਦਾ ਡਟਵਾਂ ਟਾਕਰਾ ਕਰਨ ਲਈ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਸੀ।

ਇਸ ਮੌਕੇ ਮੋਦੀ ਭਾਜਪਾ ਸਰਕਾਰ ਦੀ ਟਰਕਾਊ/ਜਰਕਾਊ ਕਿਸਾਨ ਵਿਰੋਧੀ ਨੀਤੀ ਕਾਰਨ ਐਮ ਐੱਸ ਪੀ ਦੀ ਮੰਗ ਸਮੇਤ ਕਿਸਾਨ ਮੋਰਚੇ ਦੀਆਂ ਵਿੱਚੇ ਲਟਕਦੀਆਂ ਸਾਰੀਆਂ ਮੰਗਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਸਾਂਝਾ ਸੰਘਰਸ਼ ਮੁੜ ਵੇਗ ਫੜਨ ਵੱਲ ਵਧ ਰਿਹਾ ਹੈ, ਜਿਸ ਨੂੰ ਲੀਹੋਂ ਲਾਹੁਣ ਲਈ ਹੀ ਸਿਮਰਨਜੀਤ ਸਿੰਘ ਮਾਨ ਵਰਗੇ ਬੇਤੁਕੇ ਬਿਆਨ ਦਾਗ ਰਹੇ ਹਨ। ਇਸ ਸੰਘਰਸ਼ ਦੇ ਪਹਿਲੇ ਪੜਾਅ 'ਤੇ 18 ਤੋਂ 30 ਜੁਲਾਈ ਤੱਕ ਜ਼ਿਲ੍ਹਾ ਪੱਧਰੀਆਂ ਕਾਨਫਰੰਸਾਂ ਅਤੇ 31 ਜੁਲਾਈ ਨੂੰ ਪੂਰੇ ਭਾਰਤ ਵਿੱਚ 11 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਹੈ। ਉਸਤੋਂ ਅਗਲੇ ਪੜਾਅ'ਤੇ 7 ਤੋਂ 14 ਅਗਸਤ ਤੱਕ ਅਗਨੀਪਥ ਯੋਜਨਾ ਵਿਰੁੱਧ ਡੀ ਸੀ/ ਐਸ ਡੀ ਐਮ ਦਫ਼ਤਰਾਂ ਅੱਗੇ ਇੱਕ ਰੋਜ਼ਾ ਵਿਸ਼ਾਲ ਧਰਨੇ ਲਾ ਕੇ ਇਹ ਯੋਜਨਾ ਰੱਦ ਕਰਨ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ।