ਹਸੀਨ ਜਹਾਂ ਦਾ ਨਹੀਂ, ਬੇਟੀ ਦਾ ਖ਼ਰਚ ਚੁਕਣਗੇ ਸ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ

Mohammed Shami

ਨਵੀਂ ਦਿੱਲੀ, ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਲੀਪੁਰ ਕੋਰਟ ਦੀ ਜੱਜ ਨੇਹਾ ਸ਼ਰਮਾ ਨੇ ਹਸੀਨ ਜਹਾਂ ਦੇ ਸੱਭ ਦਾਅਵਿਆਂ ਨੂੰ ਰੱਦ ਕਰਨ ਦਾ ਫ਼ੈਸਲਾ ਸ਼ਮੀ ਦੇ ਪੱਖ 'ਚ ਸੁਣਾਇਆ। ਹਸੀਨ ਜਹਾਂ ਨੇ ਮੁਹੰਮਦ ਸ਼ਮੀ ਤੋਂ ਗੁਜ਼ਾਰਾ ਭੱਤੇ ਦੇ ਤੌਰ 'ਤੇ ਪ੍ਰਤੀ ਮਹੀਨਾ ਸੱਤ ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਨੂੰ ਕੋਰਟ ਨੇ ਨਾਕਾਰ ਦਿਤਾ ਹੈ। ਸ਼ਮੀ ਲਈ ਸਿਰਫ਼ ਅਪਣੀ ਬੇਟੀ ਲਈ ਹਰ ਮਹੀਨੇ 80,000 ਰੁਪਏ ਗੁਜ਼ਾਰਾ ਭੱਤਾ ਦੇਣਾ ਜ਼ਰੂਰੀ ਹੋਵੇਗਾ। ਇਸ ਮਾਮਲੇ 'ਤੇ ਸ਼ਮੀ ਦੇ ਵਕੀਲ ਦਾ ਕਹਿਣਾ ਹੈ ਕਿ ਸ਼ਮੀ ਅਪਣੀ ਬੇਟੀ ਦਾ ਖ਼ਰਚ ਉਠਾਉਣ ਲਈ ਸ਼ੁਰੂ ਤੋਂ ਹੀ ਤਿਆਰ ਸੀ।

ਉਧਰ ਇਸ ਫ਼ੈਸਲੇ ਤੋਂ ਨਾਖ਼ੁਸ਼ ਹਸੀਨ ਜਹਾਂ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਕਲਾਇੰਟ ਹੁਣ ਹਾਈਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ। ਸ਼ਮੀ ਤੋਂ ਵੱਖ ਹੋਣ ਤੋਂ ਬਾਅਦ ਹਸੀਨ ਜਹਾਂ ਨੇ ਇਕ ਵਾਰ ਮੁੜ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖ ਦਿਤਾ ਹੈ।

ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਸ਼ਮੀ 'ਤੇ ਕਈ ਗ਼ੰਭੀਰ ਦੋਸ਼ ਵੀ ਲਗਾਏ ਸਨ। ਹਸੀਨ ਨੇ ਅਪਣੇ ਫ਼ੇਸਬੁਕ ਖਾਤੇ, ਵਹਟਸਐਪ ਅਤੇ ਫ਼ੇਸਬੁਕ ਮੈਸੰਜਰ 'ਤੇ ਵੱਖ-ਵੱਖ ਮਹਿਲਾਵਾਂ ਨਾਲ ਕੀਤੀ ਗਈ ਸ਼ਮੀ ਦੀ ਗੱਲਬਾਤ ਦਾ ਸਕਰੀਨਸ਼ਾਰਟ ਸਾਂਝਾ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਉਨ੍ਹਾਂ ਔਰਤਾਂ ਦੀਆਂ ਤਸਵੀਰਾਂ ਅਤੇ ਫ਼ੋਨ ਨੰਬਰ ਵੀ ਸਾਂਝੇ ਕੀਤੇ ਸਨ। ਹਸੀਨ ਜਹਾਂ ਨੇ ਦੋਸ਼ ਲਗਾਇਆ ਸੀ ਕਿ ਸ਼ਮੀ ਦੇ ਪਰਵਾਰ ਦੇ ਮੈਂਬਰਾਂ ਨੇ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।