ਚਾਂਦੀ ਦੇ ਤਮਗੇ ਬਾਰੇ ਵਿਨੇਸ਼ ਫੋਗਾਟ ਦੀ ਅਪੀਲ ਕਿਉਂ ਹੋਈ ਖ਼ਾਰਜ? ਜਾਣੋ ਖੇਡ ਸਾਲਸੀ ਅਦਾਲਤ (CAS) ਨੇ ਅਪਣੇ ਵਿਸਤਾਰਿਤ ਫੈਸਲੇ ’ਚ ਕੀ ਕਿਹਾ

ਏਜੰਸੀ

ਖ਼ਬਰਾਂ, ਖੇਡਾਂ

ਭਾਰ ਕਾਇਮ ਰਖਣਾ ਵਿਨੇਸ਼ ਦੀ ਜ਼ਿੰਮੇਵਾਰੀ ਸੀ, ਕਿਸੇ ਵੀ ਹਾਲਤ ’ਚ ਕੋਈ ਅਪਵਾਦ ਨਹੀਂ ਦਿਤਾ ਜਾ ਸਕਦਾ : CAS 

Vinesh Phogat

ਨਵੀਂ ਦਿੱਲੀ: ਭਾਰਤੀ ਭਲਵਾਨ ਵਿਨੇਸ਼ ਫੋਗਾਟ ਦੀ ਪੈਰਿਸ ਓਲੰਪਿਕ ਫਾਈਨਲ ਤੋਂ ਅਯੋਗ ਕਰਾਰ ਦਿਤੇ ਜਾਣ ਵਿਰੁਧ ਅਪੀਲ ਖਾਰਜ ਕਰਨ ਦਾ ਕਾਰਨ ਦਸਦੇ  ਹੋਏ ਖੇਡ ਸਾਲਸੀ ਅਦਾਲਤ (CAS) ਨੇ ਕਿਹਾ ਹੈ ਕਿ ਖਿਡਾਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਅਪਣੇ ਭਾਰ ਦੀ ਹੱਦ ਤੋਂ ਹੇਠਾਂ ਰਹਿਣ ਅਤੇ ਕਿਸੇ ਵੀ ਹਾਲਤ ’ਚ ਕੋਈ ਅਪਵਾਦ ਨਹੀਂ ਦਿਤਾ ਜਾ ਸਕਦਾ।

CAS ਦੇ ਐਡਹਾਕ ਡਿਵੀਜ਼ਨ ਨੇ 14 ਅਗੱਸਤ  ਨੂੰ 100 ਗ੍ਰਾਮ ਭਾਰ ਹੋਣ ਕਾਰਨ ਫਾਈਨਲ ਤੋਂ ਅਯੋਗ ਕਰਾਰ ਦਿਤੇ ਜਾਣ ਵਿਰੁਧ  ਉਸ ਦੀ ਅਪੀਲ ਖਾਰਜ ਕਰ ਦਿਤੀ  ਸੀ, ਜਿਸ ’ਤੇ  ਭਾਰਤੀ ਓਲੰਪਿਕ ਸੰਘ (CAS) ਨੇ ਤਿੱਖੀ ਪ੍ਰਤੀਕਿਰਿਆ ਦਿਤੀ  ਸੀ। 

CAS ਨੇ ਸੋਮਵਾਰ ਨੂੰ ਇਕ ਵਿਸਥਾਰਤ ਫੈਸਲਾ ਪ੍ਰਕਾਸ਼ਤ ਕੀਤਾ, ਜਿਸ ਵਿਚ ਵਿਨੇਸ਼ ਦੀ ਅਪੀਲ ਰੱਦ ਕਰਨ ਦੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ। 

CAS ਨੇ ਕਿਹਾ, ‘‘ਅਥਲੀਟ ਲਈ ਸਮੱਸਿਆ ਇਹ ਹੈ ਕਿ ਨਿਯਮ ਭਾਰ ਸੀਮਾ ਬਾਰੇ ਸਪੱਸ਼ਟ ਹਨ ਅਤੇ ਸਾਰੇ ਭਾਗੀਦਾਰਾਂ ਲਈ ਇਕੋ ਜਿਹੇ ਹਨ। ਇਸ ਲਈ ਕੋਈ ਸਹਿਣਸ਼ੀਲਤਾ ਪ੍ਰਦਾਨ ਨਹੀਂ ਕੀਤੀ ਗਈ ਹੈ - ਇਹ ਵੱਧ ਤੋਂ ਵੱਧ ਹੱਦ ਹੈ। ਇਸ ਤੋਂ ਇਕ ਗ੍ਰਾਮ ਭਾਰ ਵੱਧ ਹੋਣ ਦੀ ਵੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਇਹ ਸਪੱਸ਼ਟ ਤੌਰ ’ਤੇ  ਇਕ ਅਥਲੀਟ ’ਤੇ  ਨਿਰਭਰ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਵੇ ਕਿ ਉਹ ਇਸ ਹੱਦ ਤੋਂ ਹੇਠਾਂ ਰਹੇ।’’

ਬੈਂਚ ਨੇ ਕਿਹਾ ਕਿ ਇਸ ਗੱਲ ’ਤੇ  ਕੋਈ ਵਿਵਾਦ ਨਹੀਂ ਹੈ ਕਿ ਬਿਨੈਕਾਰ ਦਾ ਭਾਰ ਮਿੱਥੀ ਗਈ ਹੱਦ ਤੋਂ ਵੱਧ ਸੀ। ਉਸ ਨੇ ਸੁਣਵਾਈ ਦੌਰਾਨ ਉਪਰੋਕਤ ਸਬੂਤ ਸਪੱਸ਼ਟ ਅਤੇ ਸਿੱਧੇ ਤੌਰ ’ਤੇ ਦਿਤੇ। ਉਸ ਨੇ ਮੁੱਦਾ ਇਹ ਚੁਕਿਆ ਹੈ ਕਿ ਸਿਰਫ਼ 100 ਗ੍ਰਾਮ ਭਾਰ ਜ਼ਿਆਦਾ ਸੀ ਅਤੇ ਏਨੀ ਕੁ ਛੋਟ ਦੇਣੀ ਚਾਹੀਦੀ ਹੈ ਕਿਉਂਕਿ ਏਨਾ ਕੁ  ਭਾਰ ਤਾਂ ਪਾਣੀ ਪੀਣ ਨਾਲ ਹੀ ਵੱਧ ਜਾਂਦਾ ਹੈ। ਖਾਸ ਕਰ ਕੇ  ਮਾਹਵਾਰੀ ਤੋਂ ਪਹਿਲਾਂ ਦੇ ਪੜਾਅ ਦੌਰਾਨ।’’

29 ਸਾਲ ਦੀ ਵਿਨੇਸ਼ ਨੂੰ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਫਾਈਨਲ ਦੀ ਸਵੇਰ ਨੂੰ ਅਯੋਗ ਕਰਾਰ ਦਿਤਾ ਗਿਆ ਸੀ। ਉਸ ਦੀ ਅਪੀਲ ’ਤੇ  ਫੈਸਲਾ ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਦਿਤਾ ਗਿਆ ਸੀ। 

ਵਿਨੇਸ਼ ਨੇ ਅਪਣੀ ਅਪੀਲ ’ਚ ਮੰਗ ਕੀਤੀ ਸੀ ਕਿ ਉਸ ਨੂੰ ਕਿਊਬਾ ਦੀ ਭਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਸੰਯੁਕਤ ਚਾਂਦੀ ਦਾ ਤਗਮਾ ਦਿਤਾ ਜਾਵੇ, ਜੋ ਸੈਮੀਫਾਈਨਲ ’ਚ ਉਸ ਤੋਂ ਹਾਰ ਗਈ ਸੀ ਪਰ ਭਾਰਤੀ ਭਲਵਾਨ ਨੂੰ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਉਸ ਨੂੰ ਫਾਈਨਲ ’ਚ ਪ੍ਰਮੋਟ ਕੀਤਾ ਗਿਆ ਸੀ। ਇਸ ਸੋਨੇ ਦਾ ਦਾਅਵਾ ਅਮਰੀਕੀ ਸਾਰਾ ਐਨ ਹਿਲਡੇਬ੍ਰਾਂਟ ਨੇ ਕੀਤਾ ਸੀ।