ਪਹਿਲੇ ਇਕ ਰੋਜ਼ਾ ਮੈਚ ’ਚ ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਭਾਰਤ ਨੇ ਨਿਰਧਾਰਤ 26 ਓਵਰਾਂ ’ਚ 9 ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ
ਪਰਥ: ਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਆਸਟਰੇਲੀਆ ਦੇ ਪਰਥ ਸ਼ਹਿਰ ’ਚ ਸਥਿਤ ਆਪਟਸ ਸਟੇਡੀਅਮ ’ਚ ਖੇਡਿਆ ਗਿਆ। ਮੈਚ ’ਚ ਆਸਟਰੇਲੀਆ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿਤਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਮੈਚ ਦੌਰਾਨ ਮੀਂਹ ਕਾਰਨ ਕਈ ਵਾਰ ਮੈਚ ਰੋਕਣਾ ਪਿਆ। ਇਸ ਕਾਰਨ ਫ਼ੈਸਲਾ ਕੀਤਾ ਗਿਆ ਹੈ ਕਿ ਮੈਚ 26-26 ਓਵਰਾਂ ਦਾ ਹੋਵੇਗਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 26 ਓਵਰਾਂ ’ਚ 9 ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ ਤੇ ਆਸਟਰੇਲੀਆ ਨੂੰ ਜਿੱਤ ਲਈ 137 ਦੌੜਾਂ ਦਾ ਟੀਚਾ ਦਿਤਾ। ਭਾਰਤ ਵਲੋਂ ਰਾਹੁਲ ਤੇ ਅਕਸ਼ਰ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ। ਕਪਤਾਨ ਸਮੇਤ ਵੱਡੇ ਦਿੱਗਜ਼ ਕੋਹਲੀ ਤੇ ਰੋਹਿਤ ਸ਼ਰਮਾ ਇੰਝ ਖੇਡ ਰਹੇ ਸਨ ਜਿਵੇਂ ਕਦੇ ਕ੍ਰਿਕਟ ਖੇਡੇ ਹੀ ਨਾ ਹੋਣ। ਲੰਮੇ ਸਮੇਂ ਤੋਂ ਕੋਹਲੀ ਤੇ ਰੋਹਿਤ ਸ਼ਰਮਾ ਦੀ ਉਡੀਕ ਕਰਦੇ ਕ੍ਰਿਕਟ ਪ੍ਰੇਮੀਆਂ ਨੂੰ ਉਸ ਵੇਲੇ ਬਹੁਤ ਨਿਰਾਸ਼ਾ ਹੋਈ ਜਦੋਂ ਕੋਹਲੀ ਸਿਫ਼ਰ ਅਤੇ ਰੋਹਿਤ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨੀ ਵਜੋਂ ਅਪਣੇ ਪਹਿਲੇ ਮੈਚ ਵਿਚ ਸ਼ੁਭਮਨ ਗਿੱਲ ਨੇ ਵੀ ਕੇਵਲ 10 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ 8 ਦੌੜਾਂ ਬਣਾ ਅਰਸ਼ਦੀਪ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਆਸਟਰੇਲੀਆ ਦੀ ਦੂਜੀ ਵਿਕਟ ਮੈਥਿਊ ਸ਼ਾਰਟ ਦੇ ਆਊਟ ਹੋਣ ਨਾਲ ਡਿੱਗੀ। ਸ਼ਾਰਟ ਵੀ 8 ਦੌੜਾਂ ਬਣਾ ਅਕਸ਼ਰ ਵਲੋਂ ਆਊਟ ਹੋਇਆ। ਆਸਟਰੇਲੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਜੋਸ਼ ਫ਼ਿਲਿਪਸ 37 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ। ਮਿਸ਼ੇਲ ਮਾਰਸ਼ ਨੇ 46 ਦੌੜਾਂ ਤੇ ਮੈਟ ਰੇਨਸ਼ਾਅ ਨੇ 21 ਦੌੜਾਂ ਬਣਾਈਆਂ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 1, ਅਕਸ਼ਰ ਪਟੇਲ ਨੇ 1 ਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕਟਾਂ ਲਈਆਂ।