ਪੀਵੀ ਸਿੰਧੂ, ਪ੍ਰਨੀਤ, ਜੈਰਾਮ ਵਿਸ਼ਵ ਚੈਂਪੀਅਨਸ਼ਿਪ ਦੇ ਅਗਲੇ ਦੌਰ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਓਲੰਪਿਕ ਸਿਲਵਰ ਤਗ਼ਮਾ ਜੇਤੂ ਪੀਵੀ ਸਿੰਧੂ, ਬੀ. ਸਾਈ ਪ੍ਰਨੀਤ ਅਤੇ ਅਜੇ ਜੈਰਾਮ ਨੇ ਚੰਗਾ ਪ੍ਰਦਰਸ਼ਨ ਜਾਰੀ ਰਖਦਿਆਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ....

P.V Sindhu

ਗਲਾਸਗੋ, 23 ਅਗੱਸਤ: ਓਲੰਪਿਕ ਸਿਲਵਰ ਤਗ਼ਮਾ ਜੇਤੂ ਪੀਵੀ ਸਿੰਧੂ, ਬੀ. ਸਾਈ ਪ੍ਰਨੀਤ ਅਤੇ ਅਜੇ ਜੈਰਾਮ ਨੇ ਚੰਗਾ ਪ੍ਰਦਰਸ਼ਨ ਜਾਰੀ ਰਖਦਿਆਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਇਕਹਿਰੇ ਵਰਗ 'ਚ ਸਿੱਧੀ ਗੇਮ 'ਚ ਜਿੱਤ ਦਰਜ ਕੀਤੀ। ਸਾਲ 2013 ਅਤੇ 2014 'ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਿੰਧੂ ਨੇ ਕੋਰੀਆ ਦੀ ਕਿਮ ਹੋਗ ਮਿਨ ਨੂੰ ਦੂਜੇ ਦੌਰ 'ਤੇ 49 ਮਿੰਟ ਚਲੇ ਮੁਕਾਬਲੇ 'ਚ ਸਿੱਧੀ ਗੇਮ 'ਚ 21-16, 21-14 ਨਾਲ ਹਰਾ ਕੇ ਮਹਿਲਾ ਇਕਹਿਰੇ ਮੈਚਾਂ ਦੇ ਪ੍ਰੀ ਕੁਆਟਰ ਫ਼ਾਇਲਲ 'ਚ ਜਗ੍ਹਾ ਬਣਾਈ। ਕੋਰੀਆ ਦੀ ਖਿਡਾਰੀ ਵਿਰੁਧ ਪੰਜ ਮੈਚਾਂ 'ਚ ਸਿੰਧੂ ਦੀ ਇਹ ਚੌਥੀ ਜਿੱਤ ਹੈ, ਜਦੋਂ ਕਿ ਇਕ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਅਗਲੇ ਦੌਰ 'ਚ ਉਨ੍ਹਾਂ ਨੂੰ ਰੂਸ ਦੀ ਯੇਵਗੇਨਿਆ ਕੋਸੇਤਸਕਾਯਾ ਅਤੇ ਹਾਂਗਕਾਂਗ ਦੀ 13ਵੀਂ ਵੀਰਤਾ ਚੇਯੁੰਗ ਨਗਾਨ ਯੀ ਦਰਮਿਆਨ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜਨਾ ਹੋਵੇਗਾ। ਸਿੰਗਾਪੁਰ ਓਪਨ ਚੈਂਪੀਅਨ ਪ੍ਰਨੀਤ ਤੇ 13ਵੀਂ ਵੀਰਤਾ ਜੈਰਾਮ ਵੀ ਪੁਰਸ਼ ਇਕਹਿਰੇ ਮੈਚਾਂ ਦੇ ਦੂਜੇ ਦੌਰ 'ਚ ਥਾਂ ਬਣਾਉਣ 'ਚ ਸਫ਼ਲ ਰਹੇ। 15ਵੀਂ ਵੀਰਤਾ ਪ੍ਰਨੀਤ ਨੇ ਪਹਿਲੇ ਗੇਮ 'ਚ 5-9 ਤੇ 14-16 ਜਦੋਂ ਕਿ ਦੂਜੇ ਗੇਮ 'ਚ 10-13 ਤੇ 15-17 ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਹਾਂਗਕਾਂਗ ਦੇ ਵੇਈ ਨਾਨ ਨੂੰ 48 ਮਿੰਟ ਚਲੇ ਮੁਕਾਬਲੇ 'ਚ 21-18, 21-17 ਨਾਲ ਹਰਾਇਆ। ਹੈਦਰਾਬਾਦ ਦਾ ਇਹ 25 ਸਾਲਾ ਖਿਡਾਰੀ ਅਗਲੇ ਦੌਰ 'ਤੇ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਗਿਨਟਿੰਗ ਨਾਲ ਭਿੜੇਗਾ, ਜੋ 2014 ਨਾਨਜਿੰਗ ਯੁਵਾ ਉਲੰਪਿਕ ਤੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗ਼ਮਾ ਜੇਤੂ ਹੈ।
ਗਿਨਟਿੰਗ ਨੇ ਪੋਲੈਂਡ ਦੇ ਮਾਤੇਯੂਜ ਡੁਬੋਵਸਕੀ ਨੂੰ 21-12, 21-14 ਨਾਲ ਹਰਾਇਆ। ਪ੍ਰਨੀਤ ਨੇ ਕਿਹਾ ਕਿ ਮੈਂ ਸਖ਼ਤ ਮੈਚ ਦੀ ਉਮੀਦ ਕਰ ਰਿਹਾ ਸੀ। ਮੈਂ ਅਪਣੀ ਖੇਡ 'ਚ ਬਦਲਾਅ ਕੀਤਾ ਪਰ ਮੈਚ ਕਰੀਬੀ ਹੋ ਰਿਹਾ ਸੀ। ਉਸ ਨੇ ਕੁਝ ਛੋਟੀਆਂ ਗ਼ਲਤੀਆਂ ਕੀਤੀਆਂ ਅਤੇ ਮੈਂ ਮੈਚ ਜਿੱਤ ਗਿਆ। ਮੈਂ ਖ਼ੁਸ਼ ਹਾਂ ਕਿ ਮੈਂ ਜਿੱਤ ਦਰਜ ਕੀਤੀ। ਇਕ ਹੋਰ ਮੁਸ਼ਕਲ ਮੁਕਾਬਲਾ ਹੈ ਅਤੇ ਮੈਂ ਜਿੱਤਣ ਦੀ ਉਮੀਦ ਕਰ ਰਿਹਾ ਹਾਂ। ਜੈਰਾਮ ਨੇ ਇਕਤਰਫ਼ਾ ਮੁਕਾਬਲੇ 'ਚ ਆਸਟ੍ਰੀਆ ਦੇ ਲੁਕਾ ਵ੍ਰੇਬਰ ਵਿਰੁਧ 21-14, 21-12 ਦੀ ਆਸਾਨ ਜਿੱਤ ਦਰਜ ਕੀਤੀ। ਉਹ ਅਗਲੇ ਦੌਰ 'ਤੇ ਨੀਦਰਲੈਂਡ ਦੇ ਮਾਰਕ ਕਾਲਜੋਵ ਨਾਲ ਭਿੜਨਗੇ। (ਪੀਟੀਆਈ)