ਸ਼ਾਹਿਦ ਅਫਰੀਦੀ ਨੇ ਕੀਤੀ ਤੂਫਾਨੀ ਬੱਲੇਬਾਜੀ, ਕੇਵਲ 42 ਗੇਂਦਾਂ 'ਤੇ ਹੀ ਠੋਕੀ ਸੈਂਚੁਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਪਣੀ ਬੱਲੇਬਾਜੀ ਲਈ ਮਸ਼ਹੂਰ ਸ਼ਾਹਿਦ ਅਫਰੀਦੀ ਨੇ ਮੰਗਲਵਾਰ ਨੂੰ ਅਜਿਹੀ ਪਾਰੀ ਖੇਡੀ ਜੋ ਕ੍ਰਿਕਟ ਪ੍ਰੇਮੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ

Shahid Afridi

ਆਪਣੀ ਬੱਲੇਬਾਜੀ ਲਈ ਮਸ਼ਹੂਰ ਸ਼ਾਹਿਦ ਅਫਰੀਦੀ ਨੇ ਮੰਗਲਵਾਰ ਨੂੰ ਅਜਿਹੀ ਪਾਰੀ ਖੇਡੀ ਜੋ ਕ੍ਰਿਕਟ ਪ੍ਰੇਮੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ। ਉਨ੍ਹਾਂ ਨੇ ਡਰਬੀ ‘ਚ ਨੈੱਟਵੇਸਟ ਟੀ-20 ਬਲਾਸਟ ਦੇ ਕੁਆਰਟਰਫਾਈਨਲ ‘ਚ ਹੈਂਪਸ਼ਾਇਰ ਵੱਲੋਂ ਖੇਡਦੇ ਹੋਏ ਡਰਬੀਸ਼ਾਇਰ ਦੇ ਖਿਲਾਫ 42 ਗੇਂਦਾਂ ‘ਚ ਸੈਂਕੜਾ ਠੋਕ ਦਿੱਤਾ। ਆਪਣੀ ਪਾਰੀ ‘ਚ ਉਨ੍ਹਾਂ ਨੇ 10 ਚੌਕੇ ਅਤੇ 7 ਛੱਕੇ ਲਗਾਏ। ਇਹ ਅਫਰੀਦੀ ਦਾ ਪਹਿਲਾ ਟੀ-20 ਸੈਂਕੜਾ ਹੈ। ਉਨ੍ਹਾਂ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਹੈਂਪਸ਼ਾਇਰ ਨੇ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ। 250 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਡਰਬੀਸ਼ਾਇਰ ਦੀ ਟੀਮ 19.5 ਓਵਰਾਂ ‘ਚ 148 ‘ਤੇ ਆਲਆਊਟ ਹੋ ਗਈ ਅਤੇ ਹੈਂਪਸ਼ਾਇਰ 101 ਦੌੜਾਂ ਨਾਲ ਮੈਚ ਜਿੱਤ ਗਿਆ।

ਇਸ ਮੈਚ ‘ਚ ਡਰਬੀਸ਼ਾਇਰ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਦੇ ਇਸ ਆਲਰਾਊਂਡਰ ਖਿਡਾਰੀ ਨੂੰ ਓਪਨਿੰਗ ਦੇ ਲਈ ਭੇਜਿਆ ਗਿਆ ਅਤੇ ਉਨ੍ਹਾਂ ਆਪਣੇ ਪੁਰਾਣੇ ਅੰਦਾਜ਼ ‘ਚ ਖੇਡਦੇ ਹੋਏ ਡਰਬੀਸ਼ਾਇਰ ਦੇ ਬੱਲੇਬਾਜ਼ਾਂ ਦਾ ਖੂਬ ਕੁੱਟਾਪਾ ਚਾੜ੍ਹਿਆ।ਉਨ੍ਹਾਂ ਵਿਕਟਕੀਪਰ ਬੱਲੇਬਾਜ਼ ਕੇਲਵਿਨ ਡਿਕਿਨਸਨ ਦੇ ਨਾਲ ਪਹਿਲੇ ਵਿਕਟ ਦੇ ਲਈ 43 ਦੌੜਾਂ ਜੋੜੀਆਂ। ਕੇਲਵਿਨ ਤਾਂ 18 ਦੌੜਾਂ ਬਣਾ ਕੇ ਚਲਦੇ ਬਣੇ। ਪਰ ਮੈਦਾਨ ‘ਤੇ ਅਫਰੀਦੀ ਦਾ ਤੂਫਾਨ ਜਾਰੀ ਰਿਹਾ। ਇਸ ਤੋਂ ਬਾਅਦ ਉਨ੍ਹਾਂ ਹੈਂਪਸ਼ਾਇਰ ਦੇ ਕਪਤਾਨ ਜੇਮਸ ਵਿੰਸ ਦੇ ਨਾਲ ਦੂਜੇ ਵਿਕਟ ਦੇ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ। ਅਫਰੀਦੀ ਦਾ ਵਿਕਟ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਲਿਆ। 

ਸ਼ਾਰਟ ਗੇਂਦ ਨੂੰ ਮਾਰਨ ਦੇ ਚੱਕਰ ‘ਚ ਉਹ ਫਾਈਨ ਲੈੱਗ ਏਰੀਆ ‘ਤੇ ਖੜ੍ਹੇ ਮੇਨ ਕਾਟਨ ਨੂੰ ਕੈਚ ਦੇ ਬੈਠੇ।ਜ਼ਿਕਰਯੋਗ ਹੈ ਕਿ ਅਫਰੀਦੀ ਦੀ ਗਿਣਤੀ ਹਮੇਸ਼ਾ ਤੋਂ ਦੁਨੀਆ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ਾਂ ‘ਚ ਹੁੰਦੀ ਹੈ। ਉਨ੍ਹਾਂ ਨੇ ਸ਼੍ਰੀਲੰਕਾ ਦੇ ਖਿਲਾਫ 1996 ‘ਚ ਪਹਿਲੀ ਹੀ ਪਾਰੀ ‘ਚ ਇਰਾਦੇ ਸਾਫ ਕਰ ਦਿੱਤੇ ਸਨ। ਇਕ ਜ਼ਮਾਨੇ ‘ਚ ਉਨ੍ਹਾਂ ਦੇ ਨਾਂ 37 ਗੇਂਦਾਂ ‘ਚ ਸੈਂਕੜਾ ਜੜਨ ਦਾ ਰਿਕਾਰਡ ਸੀ, ਜਿਸ ਨੂੰ ਸਾਲ 2014 ‘ਚ ਕੋਰੀ ਐਂਡਰਸਨ ਨੇ ਤੋੜਿਆ। ਉਨ੍ਹਾਂ 36 ਗੇਂਦਾਂ ‘ਚ ਸੈਂਕੜਾ ਠੋਕਿਆ। ਇਸ ਤੋਂ ਇਕ ਸਾਲ ਬਾਅਦ ਇਹ ਰਿਕਾਰਡ ਸਾਊਥ ਅਫਰੀਕਾ ਦੇ ਏ.ਬੀ. ਡਿਵਿਲੀਅਰਸ ਦੇ ਨਾਂ ਹੋ ਗਿਆ ਜਿਨ੍ਹਾਂ ਨੇ 2015 ‘ਚ ਵੈਸਟਇੰਡੀਜ਼ ਦੇ ਖਿਲਾਫ 31 ਗੇਂਦਾਂ ‘ਚ ਸੈਂਕੜਾ ਜੜ ਦਿੱਤਾ ਸੀ।