ਆਈਸੀਸੀ ਦੀ ਤਾਜ਼ਾ ਰੈਂਕਿੰਗ 'ਚ ਚਾਹਲ ਨੇ ਮਾਰੀ ਵੱਡੀ ਛਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਸੀਸੀ ਦੀ ਤਾਜ਼ਾ ਰੈਂਕਿੰਗ 'ਚ ਚਾਹਲ ਨੇ ਮਾਰੀ ਵੱਡੀ ਛਾਲ

Yuzvendra Chahal

ਨਵੀਂ ਦਿੱਲੀ : ਨਿਦਾਸ ਟਰਾਫ਼ੀ ਵਿਚ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਦੇ ਫ਼ਿਰਕੀ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਆਈ.ਸੀ.ਸੀ. ਰੈਂਕਿੰਗ ਵਿਚ ਵੱਡੀ ਛਾਲ ਮਾਰੀ ਹੈ। ਇਸ ਟਰਾਫੀ ਤੋਂ ਬਾਅਦ ਚਾਹਲ ਨੇ ਸਿਧੇ 10 ਨੰਬਰਾਂ ਦੀ ਛਾਲ ਮਾਰੀ। ਇਸ ਤੋਂ ਇਲਾਵਾ ਗੇਂਦਬਾਜ਼ ਵਾਸ਼ਿੰਗਟਨ ਸੁੰਦਰ 151 ਸਥਾਨ ਦੀ ਉਛਾਲ ਤੋਂ 31ਵੇਂ ਨੰਬਰ 'ਤੇ ਹਨ। ਅਫ਼ਗ਼ਾਨਿਸਤਾਨ ਦੇ ਰਾਸ਼ਿਦ ਖ਼ਾਨ 759 ਰੇਟਿੰਗ ਪੁਆਇੰਟ ਨਾਲ ਸਿਖਰ 'ਤੇ ਹਨ। ਲੈੱਗ ਸਪਿਨਰ ਚਾਹਲ ਦੇ ਹੁਣ ਤਕ ਦੇ ਕਰੀਅਰ ਵਿਚ ਸਰਵਸ੍ਰੇਸ਼ਠ 706 ਰੇਟਿੰਗ ਅੰਕ ਹਨ, ਜਦੋਂ ਕਿ ਆਫ਼ ਸਪਿਨਰ ਵਾਸ਼ਿੰਗਟਨ ਸੁੰਦਰ ਦੇ 496 ਅੰਕ ਹਨ ਜਿਨ੍ਹਾਂ ਨੂੰ 'ਮੈਨ ਆਫ਼ ਦਿ ਸੀਰੀਜ਼' ਚੁਣਿਆ ਗਿਆ ਸੀ। 

ਭਾਰਤ ਦੇ ਦੋਹੇਂ ਸਪਿਨਰ ਲੜੀ ਵਿਚ ਪੰਜੇ ਮੈਚਾਂ ਵਿਚ ਖੇਡੇ ਸਨ, ਦੋਹਾਂ ਨੇ 8-8 ਵਿਕਟਾਂ ਝਟਕਾਈਆਂ। ਸੁੰਦਰ ਨੇ ਜ਼ਿਆਦਾਤਰ ਪਾਵਰਪਲੇ ਵਿਚ ਗੇਂਦਬਾਜ਼ੀ ਕੀਤੀ, ਉਨ੍ਹਾਂ ਦਾ ਇਕਾਨਾਮੀ ਰੇਟ (5.70) ਸ਼ਾਨਦਾਰ ਰਿਹਾ, ਜਦਕਿ ਚਾਹਲ ਦਾ 6.45 ਰਿਹਾ। ਉਨਾਦਕਟ (ਸੰਯੁਕਤ 52ਵੇ) ਅਤੇ ਸ਼ਾਰਦੁਲ ਠਾਕੁਰ (ਸੰਯੁਕਤ 76ਵੇਂ) ਨੂੰ ਕ੍ਰਮਵਾਰ 26 ਅਤੇ 85 ਸਥਾਨ ਦੀ ਛਾਲ ਮਾਰੀ, ਜਿਸ ਦੇ ਨਾਲ ਉਨ੍ਹਾਂ ਦੇ 435 ਅਤੇ 358 ਰੇਟਿੰਗ ਅੰਕ ਹੋ ਗਏ ਹਨ। ਬੱਲੇਬਾਜ਼ਾਂ ਵਿਚ ਸ਼ਿਖਰ ਧਵਨ, ਕੁਸਲ ਪਰੇਰਾ, ਮਨੀਸ਼ ਪਾਂਡੇ, ਮੁਸ਼ਫ਼ਿਕਰ ਰਹੀਮ, ਕੁਸਾਲ ਮੇਂਡਿਸ ਅਤੇ ਬੰਗਲਾ ਦੇਸ਼ ਵਿਰੁਧ ਆਖ਼ਰੀ ਓਵਰ ਵਿਚ ਭਾਰਤ ਦੀ ਜਿੱਤ ਦੇ ਸਟਾਰ ਰਹੇ ਦਿਨੇਸ਼ ਕਾਰਤਿਕ ਰੈਂਕਿੰਗ ਵਿਚ ਵਾਧਾ ਕਰਨ ਵਿਚ ਸਫ਼ਲ ਰਹੇ। 

ਕਾਰਤਿਕ ਨੇ ਟੂਰਨਾਮੈਂਟ ਵਿਚ ਹੇਠਲੇ ਮੱਧਕ੍ਰਮ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ, ਜਿਸ ਦੇ ਨਾਲ ਉਹ 126 ਸਥਾਨ ਦੇ ਫ਼ਾਇਦੇ ਨਾਲ 95ਵੇਂ ਸਥਾਨ ਉਤੇ ਪਹੁੰਚ ਗਏ। ਉਨ੍ਹਾਂ ਦੇ ਹੁਣ ਤਕ ਦੇ ਸਰਵਸ੍ਰੇਸ਼ਠ 246 ਅੰਕ ਹਨ। ਸ੍ਰੀਲੰਕਾ ਲਈ ਬੱਲੇ ਨਾਲ ਮਜ਼ਬੂਤ ਪ੍ਰਦਰਸ਼ਨ ਕਰਨ ਵਾਲੇ ਕੁਸਲ ਪਰੇਰਾ 20 ਸਥਾਨ ਦੀ ਛਾਲ ਨਾਲ 20ਵੇਂ, ਜਦੋਂ ਕਿ ਕੁਸਲ ਮੇਂਡਿਸ 27 ਸਥਾਨਾਂ ਦੇ ਮੁਨਾਫ਼ੇ ਨਾਲ 48ਵੇਂ ਸਥਾਨ ਉਤੇ ਪਹੁੰਚ ਗਏ। ਪਰੇਰਾ ਨੇ ਤਿੰਨ ਅਰਧ ਸੈਂਕੜਿਆਂ ਸਹਿਤ 204 ਦੌੜਾਂ, ਜਦੋਂ ਕਿ ਮੇਂਡਿਸ ਨੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 134 ਦੌੜਾਂ ਬਣਾਈਆਂ।

ਤੁਹਾਨੂੰ ਦਸ ਦੇਈਏ ਕਿ ਹਾਲ ਹੀ ਵਿਚ ਭਾਰਤ, ਬੰਗਲਾ ਦੇਸ਼ ਤੇ ਸ੍ਰੀਲੰਕਾ ਵਿਚਕਾਰ ਟੀ-20 ਲੜੀ ਖੇਡੀ ਗਈ। ਜਿਸ ਵਿਚ ਭਾਰਤ ਵਲੋਂ ਫ਼ਾਈਨਲ ਵਿਚ ਬੰਗਲਾ ਦੇਸ਼ ਨੂੰ ਹਰਾ ਕੇ ਇਸ ਲੜੀ 'ਤੇ ਕਬਜ਼ਾ ਕਰ ਲਿਆ ਗਿਆ। ਮੇਜ਼ਬਾਨ ਟੀਮ ਵਲੋਂ ਫ਼ਾਈਨਲ ਵਿਚ ਜਗ੍ਹਾ ਬਣਾਉਣ ਲਈ ਬਹੁਤ ਮਿਹਨਤ ਕੀਤੀ ਗਈ ਪਰ ਕਰੋ ਜਾਂ ਮਰੋ ਮੁਕਾਬਲੇ ਵਿਚ ਬੰਗਲਾ ਦੇਸ਼ ਨੇ ਸ੍ਰੀਲੰਕਾ ਨੂੰ ਹਰਾ ਕੇ ਖ਼ੁਦ ਫ਼ਾਈਨਲ ਵਿਚ ਜਗ੍ਹਾ ਬਣਾ ਲਈ।