ਕੋਚ ਫ਼ਲੇਮਿੰਗ ਨੇ ਦਸਿਆ ਬਾਅਦ ’ਚ ਬੱਲੇਬਾਜ਼ੀ ਕਰਨ ਕਿਉਂ ਆ ਰਹੇ ਨੇ ਧੋਨੀ

ਏਜੰਸੀ

ਖ਼ਬਰਾਂ, ਖੇਡਾਂ

ਧੋਨੀ ਚੇਨਈ ਸੁਪਰ ਕਿੰਗਜ਼ ਦੇ ਦਿਲ ਦੀ ਧੜਕਣ ਹਨ: ਫਲੇਮਿੰਗ 

Mahendra Singh Dhoni

ਲਖਨਊ: ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਮਹਿੰਦਰ ਸਿੰਘ ਧੋਨੀ ਨੂੰ ਚੇਨਈ ਸੁਪਰ ਕਿੰਗਜ਼ ਦਾ ਦਿਲ ਦੀ ਧੜਕਣ ਕਰਾਰ ਦਿੰਦਿਆਂ ਕਿਹਾ ਕਿ ਗੋਡੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਉਹ ਲੰਮੇ ਸਮੇਂ ਤਕ ਬੱਲੇਬਾਜ਼ੀ ਨਹੀਂ ਕਰ ਸਕਦੇ ਅਤੇ ਇਸ ਲਈ ਸ਼ਾਨਦਾਰ ਫਾਰਮ ਦੇ ਬਾਵਜੂਦ ਉਨ੍ਹਾਂ ਨੂੰ ਬੱਲੇਬਾਜ਼ੀ ਕ੍ਰਮ ’ਚ ਉੱਪਰ ਨਹੀਂ ਭੇਜਿਆ ਜਾ ਸਕਦਾ।

42 ਸਾਲ ਦੇ ਧੋਨੀ ਨੇ ਸ਼ੁਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਵਿਰੁਧ 9 ਗੇਂਦਾਂ ’ਤੇ 28 ਦੌੜਾਂ ਬਣਾਈਆਂ ਪਰ ਉਨ੍ਹਾਂ ਦੀ ਟੀਮ ਅੱਠ ਵਿਕਟਾਂ ਨਾਲ ਹਾਰ ਗਈ। ਧੋਨੀ ਦੀ ਫਾਰਮ ਬਾਰੇ ਪੁੱਛੇ ਜਾਣ ’ਤੇ ਫਲੇਮਿੰਗ ਨੇ ਕਿਹਾ, ‘‘ਇਹ ਪ੍ਰੇਰਣਾਦਾਇਕ ਹੈ, ਹੈ ਨਾ? ਅਭਿਆਸ ਦੌਰਾਨ ਵੀ ਉਹ ਬਹੁਤ ਵਧੀਆ ਬੱਲੇਬਾਜ਼ੀ ਕਰ ਰਿਹਾ ਹੈ। ਟੀਮ ਇਸ ਤੋਂ ਹੈਰਾਨ ਨਹੀਂ ਹੈ ਕਿਉਂਕਿ ਉਹ ਸੀਜ਼ਨ ਤੋਂ ਪਹਿਲਾਂ ਤਿਆਰੀ ਵਿਚ ਵੀ ਚੰਗਾ ਖੇਡ ਰਿਹਾ ਸੀ। ਉਸ ਦੇ ਗੋਡੇ ’ਚ ਦਰਦ ਹੈ ਅਤੇ ਉਹ ਠੀਕ ਹੋਣ ਦੀ ਪ੍ਰਕਿਰਿਆ ’ਚ ਸਿਰਫ ਕੁੱਝ ਗੇਂਦਾਂ ਹੀ ਖੇਡ ਸਕਦਾ ਹੈ। ਹਰ ਕੋਈ ਉਸ ਨੂੰ ਲੰਮੇ ਸਮੇਂ ਤਕ ਬੱਲੇਬਾਜ਼ੀ ਕਰਦੇ ਵੇਖਣਾ ਚਾਹੁੰਦਾ ਹੈ ਪਰ ਅਸੀਂ ਉਸ ਨੂੰ ਪੂਰੇ ਟੂਰਨਾਮੈਂਟ ਦੌਰਾਨ ਖੇਡਦੇ ਵੇਖਣਾ ਚਾਹੁੰਦੇ ਹਾਂ। ਇਸ ਲਈ ਦੋ-ਤਿੰਨ ਓਵਰ ਖੇਡਣਾ ਠੀਕ ਹੈ। ਉਹ ਹਰ ਸਮੇਂ ਅਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਅਤੇ ਉਸ ਨੂੰ ਖੇਡਦਾ ਵੇਖਣ ’ਚ ਮਜ਼ਾ ਆ ਰਿਹਾ ਹੈ।’’

ਲੰਮੇ ਸਮੇਂ ਤੋਂ ਕੋਚ ਰਹੇ ਫਲੇਮਿੰਗ ਨੇ ਕਿਹਾ ਕਿ ਪੰਜ ਵਾਰ ਟੀਮ ਖਿਤਾਬ ਜਿੱਤਣ ਵਾਲੇ ਧੋਨੀ ਟੀਮ ਦੀ ਦਿਲ ਦੀ ਧੜਕਣ ਹਨ ਅਤੇ ਟੀਮ ਹਰ ਸਟੇਡੀਅਮ ’ਚ ਦਰਸ਼ਕਾਂ ਦੇ ਬੇਹੱਦ ਪਿਆਰ ਦੇ ਵਿਚਕਾਰ ਉਨ੍ਹਾਂ ਦੀ ਮੌਜੂਦਗੀ ਦੇ ਹਰ ਪਲ ਦਾ ਅਨੰਦ ਲੈ ਰਹੀ ਹੈ। ਉਨ੍ਹਾਂ ਕਿਹਾ, ‘‘ਜਦੋਂ ਉਹ ਮੈਦਾਨ ’ਤੇ ਆਉਂਦਾ ਹੈ ਤਾਂ ਕਿੰਨਾ ਵਧੀਆ ਮਾਹੌਲ ਹੁੰਦਾ ਹੈ। ਉਹ ਦਰਸ਼ਕਾਂ ਦਾ ਪੂਰਾ ਮਨੋਰੰਜਨ ਵੀ ਕਰਦਾ ਹੈ। ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਹੈ। ਉਹ ਟੀਮ ਦੀ ਦਿਲ ਦੀ ਧੜਕਣ ਹੈ। ਅਸੀਂ ਉਨ੍ਹਾਂ ਦੀ ਮੌਜੂਦਗੀ ਦੇ ਹਰ ਮਿੰਟ ਦਾ ਪੂਰਾ ਅਨੰਦ ਲੈਂਦੇ ਹਾਂ।’’

ਫਿੱਟਨੈੱਸ ਭਾਵੇਂ ਧੋਨੀ ਦਾ ਸਾਥ ਨਾ ਦੇਵੇ, ਪਰ ਉਨ੍ਹਾਂ ਦਾ ਦਿਮਾਗ ਬਹੁਤ ਚੁਸਤ ਹੈ : ਉਥੱਪਾ

ਲਖਨਊ: ਮਹਿੰਦਰ ਸਿੰਘ ਧੋਨੀ ਦੇ ਲੰਮੇ ਕਰੀਅਰ ਤੋਂ ਮੰਤਰਮੁਗਧ ਭਾਰਤ ਦੇ ਸਾਬਕਾ ਬੱਲੇਬਾਜ਼ ਰਾਬਿਨ ਉਥੱਪਾ ਨੇ ਕਿਹਾ ਕਿ ਚੇਨਈ ਸੁਪਰ ਕਿੰਗਜ਼ ਦੇ ਇਸ ਮਹਾਨ ਕ੍ਰਿਕੇਟਰ ਦਾ ਦਿਮਾਗ ਅਜੇ ਵੀ ਚੁਸਤ ਹੈ ਅਤੇ ਮੁਕਾਬਲੇਬਾਜ਼ੀ ਕ੍ਰਿਕਟ ’ਚ ਉਨ੍ਹਾਂ ਦੇ ਲੰਮੇ ਸਫ਼ਰ ਨੂੰ ਸਿਰਫ ਫਿੱਟਨੈੱਸ ਕਾਰਨ ਹੀ ਰੋਕਿਆ ਜਾ ਸਕਦਾ ਹੈ।

ਧੋਨੀ ਨੇ ਇਸ ਆਈ.ਪੀ.ਐਲ. ਸੀਜ਼ਨ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਅਤੇ ਚੇਨਈ ਲਈ ਕਈ ਮੈਚਾਂ ’ਚ ਦੌੜਾਂ ਬਣਾਈਆਂ ਹਨ। ਉਥੱਪਾ ਨੇ ਜਿਓ ਸਿਨੇਮਾ ਨੂੰ ਕਿਹਾ, ‘‘ਸਿਰਫ ਇਕ ਚੀਜ਼ ਹੀ ਉਨ੍ਹਾਂ ਨੂੰ ਰੋਕ ਸਕਦੀ ਹੈ, ਸਿਹਤ। ਸ਼ਾਇਦ ਫਿੱਟਨੈੱਸ ਕਾਰਨ ਉਹ ਅੱਗੇ ਨਹੀਂ ਖੇਡਣਗੇ। ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਬਹੁਤ ਡੂੰਘਾ ਹੈ ਅਤੇ ਉਹ ਖੇਡਣਾ ਜਾਰੀ ਰਖਣਾ ਚਾਹੁੰਦੇ ਹਨ। ਜੇ ਕੋਈ ਚੀਜ਼ ਉਨ੍ਹਾਂ ਨੂੰ ਰੋਕ ਸਕਦੀ ਹੈ, ਤਾਂ ਉਹ ਉਨ੍ਹਾਂ ਦਾ ਅਪਣਾ ਸਰੀਰ ਹੈ।’’

ਧੋਨੀ ਦੀ ਹਮਲਾਵਰ ਪਾਰੀ ਬਾਰੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਕਿਹਾ, ‘‘ਦਰਸ਼ਕਾਂ ਦਾ ਰੌਲਾ ਤੇਜ਼ ਹੁੰਦਾ ਜਾ ਰਿਹਾ ਹੈ। ਇਹ ਐਮ.ਐਸ. ਧੋਨੀ ਦੀ ਮੈਦਾਨ ’ਤੇ ਮੌਜੂਦਗੀ ਦਾ ਜਲਵਾ ਹੈ। ਹਰ ਪਾਰੀ ’ਚ ਉਹ ਬਿਹਤਰ ਖੇਡ ਰਹੇ ਹਨ। ਉਨ੍ਹਾਂ ਦਾ ਅਸਰ ਅਜਿਹਾ ਹੈ ਕਿ ਉਹ ਮੈਦਾਨ ’ਤੇ ਉਤਰਦੇ ਹੀ ਗੇਂਦਬਾਜ਼ਾਂ ’ਤੇ ਦਬਾਅ ਬਣਾ ਲੈਂਦੇ ਹਨ।’’