IPL 2024 : ਜਿੱਤ ਦੇ ਰਾਹ ’ਤੇ ਵਾਪਸੀ ਦੇ ਇਰਾਦੇ ਨਾਲ ਉਤਰਨਗੇ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼

ਏਜੰਸੀ

ਖ਼ਬਰਾਂ, ਖੇਡਾਂ

ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਪਿਛਲੇ ਮੈਚ ’ਚ ਦਿੱਲੀ ਕੈਪੀਟਲਜ਼ ਤੋਂ ਹਾਰਨ ਤੋਂ ਬਾਅਦ ਅੱਠਵੇਂ ਸਥਾਨ ’ਤੇ ਖਿਸਕ ਗਈ ਹੈ

GT v PK

ਮੁੱਲਾਂਪੁਰ: ਲਗਾਤਾਰ ਹਾਰ ਤੋਂ ਬਾਅਦ ਅੰਕ ਸੂਚੀ ’ਚ ਹੇਠਾਂ ਖਿਸਕ ਗਈ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੀ ਟੀਮ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ’ਚ ਇਕ-ਦੂਜੇ ਨਾਲ ਭਿੜੇਗੀ। ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਪਿਛਲੇ ਮੈਚ ’ਚ ਦਿੱਲੀ ਕੈਪੀਟਲਜ਼ ਤੋਂ ਹਾਰਨ ਤੋਂ ਬਾਅਦ ਅੱਠਵੇਂ ਸਥਾਨ ’ਤੇ ਖਿਸਕ ਗਈ ਹੈ। ਦਿੱਲੀ ਨੇ ਉਸ ਨੂੰ 89 ਦੌੜਾਂ ’ਤੇ ਢੇਰ ਕਰ ਦਿਤਾ ਸੀ ਅਤੇ ਚਾਰ ਮੈਚਾਂ ’ਚ ਇਹ ਉਸ ਦੀ ਤੀਜੀ ਹਾਰ ਸੀ। 

ਪੰਜਾਬ ਕਿੰਗਜ਼ 9ਵੇਂ ਸਥਾਨ ’ਤੇ ਹੈ, ਜਿਸ ਨੂੰ ਮੁੰਬਈ ਇੰਡੀਅਨਜ਼ ਨੇ 9 ਦੌੜਾਂ ਨਾਲ ਹਰਾਇਆ ਸੀ। ਜਿੱਤ ਲਈ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਸ ਨੇ 14 ਦੌੜਾਂ ’ਤੇ ਚਾਰ ਵਿਕਟਾਂ ਗੁਆ ਦਿਤੀਆਂ ਪਰ ਇਸ ਤੋਂ ਬਾਅਦ ਆਸ਼ੂਤੋਸ਼ ਸ਼ਰਮਾ ਅਤੇ ਸ਼ਸ਼ਾਂਕ ਸਿੰਘ ਨੇ ਟੀਮ ਨੂੰ ਮੈਚ ’ਚ ਵਾਪਸੀ ਕਰ ਦਿਤੀ। ਸੱਤ ਮੈਚਾਂ ’ਚ ਪੰਜ ਹਾਰ ਅਤੇ ਦੋ ਜਿੱਤਾਂ ਨੇ ਟੀਮ ਦੇ ਆਤਮਵਿਸ਼ਵਾਸ ਨੂੰ ਹਿਲਾ ਦਿਤਾ ਹੈ ਪਰ ਵਿਰੋਧੀ ਟੀਮ ਵੀ ਇਸੇ ਸਥਿਤੀ ’ਚ ਹੈ। ਪੰਜਾਬ ਨੂੰ ਪ੍ਰਭਾਵਸ਼ਾਲੀ ਕਪਤਾਨ ਸ਼ਿਖਰ ਧਵਨ ਦੀ ਕਮੀ ਮਹਿਸੂਸ ਹੋ ਰਹੀ ਹੈ ਅਤੇ ਉਸ ਦਾ ਐਤਵਾਰ ਦੇ ਮੈਚ ਵਿਚ ਖੇਡਣਾ ਪੱਕਾ ਨਹੀਂ ਹੈ। ਧਵਨ ਮੋਢੇ ਦੀ ਸੱਟ ਤੋਂ ਠੀਕ ਹੋ ਰਹੇ ਹਨ ਜੋ ਉਨ੍ਹਾਂ ਨੂੰ 9 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਘਰੇਲੂ ਮੈਚ ਦੌਰਾਨ ਲੱਗੀ ਸੀ। ਉਨ੍ਹਾਂ ਦੀ ਥਾਂ ਸੈਮ ਕੁਰਨ ਕਪਤਾਨੀ ਸੰਭਾਲ ਰਹੇ ਹਨ। ਧਵਨ ਨੇ ਪੰਜ ਮੈਚਾਂ ’ਚ 125 ਦੌੜਾਂ ਬਣਾਈਆਂ। ਉਸ ਨੇ 61 ਦੀ ਔਸਤ ਨਾਲ 152 ਦੌੜਾਂ ਬਣਾਈਆਂ ਹਨ ਪਰ ਮੈਦਾਨ ’ਤੇ ਉਸ ਦੀ ਮੌਜੂਦਗੀ ਉਸ ਟੀਮ ਲਈ ਟਾਨਿਕ ਦਾ ਕੰਮ ਕਰਦੀ ਹੈ ਜੋ ਜਿੱਤਣਾ ਭੁੱਲ ਗਈ ਹੈ। ਪਿਛਲੀ ਵਾਰ ਅੱਠਵੇਂ ਸਥਾਨ ’ਤੇ ਰਹੇ ਪੰਜਾਬ ਲਈ ਇਸ ਵਾਰ ਕੁੱਝ ਵੀ ਬਦਲਦਾ ਨਜ਼ਰ ਨਹੀਂ ਆ ਰਿਹਾ। ਪ੍ਰਭਸਿਮਰਨ ਸਿੰਘ, ਲਿਆਮ ਲਿਵਿੰਗਸਟੋਨ ਅਤੇ ਰਿਲੀ ਰੂਸੋ ਵਰਗੇ ਉਸ ਦੇ ਬੱਲੇਬਾਜ਼ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ। ਸ਼ਸ਼ਾਂਕ ਅਤੇ ਆਸ਼ੂਤੋਸ਼ ਨੇ ਹਾਲਾਂਕਿ ਹੇਠਲੇ ਕ੍ਰਮ ’ਚ ਬੱਲੇਬਾਜ਼ੀ ਕਰ ਕੇ ਸਾਰਿਆਂ ਦਾ ਧਿਆਨ ਅਪਣੇ ਵਲ ਖਿੱਚਿਆ ਹੈ। 

ਗੁਜਰਾਤ ਨੇ ਹੁਣ ਤਕ ਤਿੰਨ ਮੈਚ ਜਿੱਤੇ ਹਨ ਅਤੇ ਚਾਰ ਹਾਰੇ ਹਨ। ਉਨ੍ਹਾਂ ਨੂੰ ਦਿੱਲੀ ਵਿਰੁਧ ਸ਼ਰਮਨਾਕ ਪ੍ਰਦਰਸ਼ਨ ਨੂੰ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੋਵੇਗੀ। ਕਪਤਾਨ ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਡੇਵਿਡ ਮਿਲਰ ਅਤੇ ਰਾਸ਼ਿਦ ਖਾਨ ਵਰਗੇ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਮੁਹੰਮਦ ਸ਼ਮੀ ਗੇਂਦਬਾਜ਼ੀ ’ਚ ਗਾਇਬ ਹਨ ਜਦਕਿ ਉਮੇਸ਼ ਯਾਦਵ ਬਹੁਤ ਮਹਿੰਗੇ ਸਾਬਤ ਹੋਏ ਹਨ। 

ਗੁਜਰਾਤ ਟਾਈਟਨਜ਼: ਸ਼ੁਭਮਨ ਗਿੱਲ (ਕਪਤਾਨ), ਡੇਵਿਡ ਮਿਲਰ, ਮੈਥਿਊ ਵੇਡ, ਰਿਧੀਮਾਨ ਸਾਹਾ, ਰੋਬਿਨ ਮਿਨਜ਼, ਕੇਨ ਵਿਲੀਅਮਸਨ, ਅਭਿਨਵ ਮੰਧਰ, ਬੀ ਸਾਈ, ਸੁਦਰਸ਼ਨ, ਦਰਸ਼ਨ ਨਲਕੰਡੇ, ਵਿਜੇ ਸ਼ੰਕਰ, ਅਜ਼ਮਤੁੱਲਾ ਉਮਰਜ਼ਈ, ਸ਼ਾਹਰੁਖ ਖਾਨ, ਜਯੰਤ ਯਾਦਵ, ਰਾਹੁਲ ਤੇਵਤੀਆ, ਕਾਰਤਿਕ ਤਿਆਗੀ, ਸ਼ਾਸ਼ੰਤ ਮਿਸ਼ਰਾ, ਸਪੈਂਸਰ ਜਾਨਸਨ, ਨੂਰ ਅਹਿਮਦ, ਸਾਈ ਕਿਸ਼ੋਰ, ਉਮੇਸ਼ ਯਾਦਵ, ਰਾਸ਼ਿਦ ਖਾਨ, ਜੋਸ਼ੁਆ ਲਿਟਲ, ਮੋਹਿਤ ਸ਼ਰਮਾ ਅਤੇ ਮਾਨਵ ਸੁਥਾਰ। 

ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਪ੍ਰਭਸਿਮਰਨ ਸਿੰਘ, ਜੀਤੇਸ਼ ਸ਼ਰਮਾ, ਸਿਕੰਦਰ ਰਜ਼ਾ, ਰਿਸ਼ੀ ਧਵਨ, ਲਿਆਮ ਲਿਵਿੰਗਸਟੋਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨਾਥਨ ਐਲਿਸ, ਸੈਮ ਕੁਰਨ, ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਵੇਰੱਪਾ, ਸ਼ਿਵਮ ਸਿੰਘ, ਹਰਸ਼ਲ ਪਟੇਲ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਵਿਸ਼ਵਨਾਥ ਪ੍ਰਤਾਪ ਸਿੰਘ, ਸ਼ਸ਼ਾਂਕ ਸਿੰਘ, ਤਨਯ ਥਿਆਗਰਾਜਨ, ਪ੍ਰਿੰਸ ਚੌਧਰੀ ਅਤੇ ਰਿਲੀ ਰੋਸੋ।

ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।