David Johnson Suicide : ਟੀ-20 ਵਿਸ਼ਵ ਕੱਪ ਦੌਰਾਨ ਆਈ ਬੁਰੀ ਖ਼ਬਰ, ਸਾਬਕਾ ਭਾਰਤੀ ਕ੍ਰਿਕਟਰ ਨੇ ਕੀਤੀ ਖੁਦਕੁਸ਼ੀ
David Johnson Suicide : 52 ਸਾਲਾ ਡੇਵਿਡ ਜਾਨਸਨ ਨੇ ਨਿੱਜੀ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ
David Johnson Suicide: ਟੀ-20 ਵਿਸ਼ਵ ਕੱਪ ਦੌਰਾਨ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦਾ 52 ਸਾਲ ਦੀ ਉਮਰ ’ਚ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੀ ਤੇਜ਼ ਗੇਂਦਬਾਜ਼ੀ ਲਈ ਮਸ਼ਹੂਰ ਜਾਨਸਨ ਘਰੇਲੂ ਸਰਕਟ 'ਚ ਕਰਨਾਟਕ ਲਈ ਕੁਝ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਭਾਰਤੀ ਟੀਮ 'ਚ ਆਇਆ। ਉਸਨੇ 1995-96 ਦੇ ਰਣਜੀ ਟਰਾਫ਼ੀ ਸੀਜ਼ਨ ’ਚ ਕੇਰਲ ਦੇ ਖ਼ਿਲਾਫ਼ 152 ਦੌੜਾਂ ਦੇ ਕੇ 10 ਵਿਕਟਾਂ ਲਈਆਂ। ਜਾਨਸਨ ਨੇ ਇਕ ਨਿੱਜੀ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਖੁਦਕੁਸ਼ੀ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਡਿਪ੍ਰੈਸ਼ਨ 'ਚ ਸੀ।
ਜਾਨਸਨ ਨੇ ਆਪਣਾ ਪਹਿਲਾ ਟੈਸਟ ਮੈਚ 1996 'ਚ ਆਸਟ੍ਰੇਲੀਆ ਖ਼ਿਲਾਫ਼ ਦਿੱਲੀ ਟੈਸਟ 'ਚ ਖੇਡਿਆ ਸੀ। ਜਵਾਗਲ ਸ਼੍ਰੀਨਾਥ ਦੇ ਜ਼ਖ਼ਮੀ ਹੋਣ ਤੋਂ ਬਾਅਦ, ਜਾਨਸਨ ਨੇ ਆਪਣੇ ਕਰਨਾਟਕ ਟੀਮ ਦੇ ਸਾਥੀ ਵੈਂਕਟੇਸ਼ ਪ੍ਰਸਾਦ ਦੇ ਨਾਲ ਗੇਂਦਬਾਜ਼ੀ ਕੀਤੀ। ਇਸ ਤੋਂ ਬਾਅਦ ਉਹ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਗਿਆ ਅਤੇ ਪਹਿਲਾ ਟੈਸਟ ਖੇਡਿਆ, ਪਰ ਕੰਟਰੋਲ ਦੀ ਘਾਟ ਕਾਰਨ ਉਸ ਦਾ ਟੈਸਟ ਕਰੀਅਰ ਸਿਰਫ਼ ਦੋ ਮੈਚਾਂ ਤੱਕ ਹੀ ਚੱਲ ਸਕਿਆ, ਜਿਸ 'ਚ ਉਸ ਨੇ 3 ਵਿਕਟਾਂ ਲਈਆਂ।
ਸਾਬਕਾ ਕਪਤਾਨ ਅਨਿਲ ਕੁੰਬਲੇ ਅਤੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਜਾਨਸਨ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਕੁੰਬਲੇ ਨੇ ਆਪਣੇ ਐਕਸ ’ਤੇ ਲਿਖਿਆ ਹੈ ਕਿ ਮੇਰੇ ਕ੍ਰਿਕਟਰ ਸਾਥੀ ਡੇਵਿਡ ਜਾਨਸਨ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁਖ ਹੋਇਆ। ਉਨ੍ਹਾਂ ਨੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਗੰਭੀਰ ਨੇ ਲਿਖਿਆ ਕਿ ਬਹੁਤ ਜਲਦੀ ਚਲ ਗਏ ‘‘ਬੇਨੀ’’ ਡੇਵਿਡ ਜਾਨਸਨ ਦੀ ਮੌਤ ਨਾਲ ਦੁਖੀ ਹਾਂ, ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।
(For more news apart from Former Indian cricketer committed suicide News in Punjabi, stay tuned to Rozana Spokesman)