ਭਾਰਤ-ਪਾਕਿਸਤਾਨ ਦੁਸ਼ਮਣੀ ਵੇਖਣ ਲਈ ਜੈਵਲਿਨ ਥ੍ਰੋਅ ਨਵੀਂ ਖੇਡ ਨਹੀਂ ਬਣ ਗਈ : ਨੀਰਜ ਚੋਪੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੈਰਿਸ ਓਲੰਪਿਕ ਜੈਵਲਿਨ ਥ੍ਰੋਅ ਦੇ ਫਾਈਨਲ ਬਾਰੇ ਬੋਲੇ ਨੀਰਜ ਚੋਪੜਾ, ‘ਉਹ ਨਦੀਮ ਦਾ ਦਿਨ ਸੀ’

Javelin throw has not become a new sport to watch India-Pakistan rivalry: Neeraj Chopra

ਲਖਨਊ: ਪੈਰਿਸ ਓਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਖੁੰਝੇ ਭਾਰਤ ਦੇ ਜੈਵਲਿਨ ਥ੍ਰੋਅ ਸਟਾਰ ਨੀਰਜ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ’ਚ ਕੋਈ ਕਮੀ ਨਹੀਂ ਹੈ ਪਰ ਉਹ ਦਿਨ ਪਾਕਿਸਤਾਨ ਦੇ ਅਰਸ਼ਦ ਨਦੀਮ ਦਾ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਪਛਾੜ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਚੋਪੜਾ ਨੇ 8 ਅਗੱਸਤ ਨੂੰ ਨੇਜਾ 89.45 ਮੀਟਰ ਦੂਰ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ ਸੀ ਪਰ ਨਦੀਮ ਨੇ ਅਪਣੀ ਪਹਿਲੀ ਕੋਸ਼ਿਸ਼ ’ਚ 92.97 ਦਾ ਸਕੋਰ ਬਣਾ ਕੇ ਨਵਾਂ ਓਲੰਪਿਕ ਰੀਕਾਰਡ ਬਣਾਇਆ ਅਤੇ ਸੋਨ ਤਮਗਾ ਜਿੱਤਿਆ। ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤਣ ਵਾਲੇ ਚੋਪੜਾ ਲਗਾਤਾਰ ਦੋ ਓਲੰਪਿਕ ’ਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਟਰੈਕ ਐਂਡ ਫੀਲਡ ਐਥਲੀਟ ਬਣ ਗਏ ਹਨ।

ਚੋਪੜਾ ਨੇ ਕਿਹਾ, ‘‘ਕੁੱਝ ਵੀ ਗਲਤ ਨਹੀਂ ਸੀ, ਸੱਭ ਕੁੱਝ ਠੀਕ ਸੀ। ਥ੍ਰੋਅ ਵੀ ਚੰਗਾ ਸੀ। ਓਲੰਪਿਕ ’ਚ ਚਾਂਦੀ ਦਾ ਤਮਗਾ ਜਿੱਤਣਾ ਕੋਈ ਛੋਟੀ ਗੱਲ ਨਹੀਂ ਹੈ, ਪਰ ਮੈਨੂੰ ਲਗਦਾ ਹੈ ਕਿ ਮੁਕਾਬਲਾ ਬਹੁਤ ਵਧੀਆ ਸੀ ਅਤੇ ਸੋਨ ਤਮਗਾ ਉਸ ਵਿਅਕਤੀ ਨੇ ਜਿੱਤਿਆ ਹੈ ਜਿਸ ਦਾ ਉਹ ਦਿਨ ਸੀ। ਉਹ ਨਦੀਮ ਦਾ ਦਿਨ ਸੀ।’’

ਇੱਥੇ ਫੀਨਿਕਸ ਪਲਾਸੀਓ ਮਾਲ ’ਚ ਨਵੇਂ ਦਿੱਖ ਵਾਲੇ ਅੰਡਰ ਆਰਮਰ ਬ੍ਰਾਂਡ ਹਾਊਸ ਸਟੋਰ ਦਾ ਉਦਘਾਟਨ ਕਰਨ ਆਏ ਚੋਪੜਾ ਨੇ ਇਸ ਧਾਰਨਾ ਨੂੰ ਖਾਰਜ ਕਰ ਦਿਤਾ ਕਿ ਹਾਕੀ ਅਤੇ ਕ੍ਰਿਕਟ ਤੋਂ ਬਾਅਦ ਭਾਰਤ-ਪਾਕਿਸਤਾਨ ਦੁਸ਼ਮਣੀ ਵੇਖਣ ਲਈ ਜੈਵਲਿਨ ਥ੍ਰੋਅ ਨਵੀਂ ਖੇਡ ਬਣ ਗਈ ਹੈ। ਉਨ੍ਹਾਂ ਕਿਹਾ, ‘‘ਜੈਵਲਿਨ ਥ੍ਰੋਅ ’ਚ ਕੋਈ ਦੋ ਟੀਮਾਂ ਨਹੀਂ ਹਨ, ਪਰ ਵੱਖ-ਵੱਖ ਦੇਸ਼ਾਂ ਦੇ 12 ਐਥਲੀਟ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਸਨ। ਮੈਂ 2016 ਤੋਂ ਜੈਵਲਿਨ ਥ੍ਰੋਅ ’ਚ ਨਦੀਮ ਨਾਲ ਮੁਕਾਬਲਾ ਕਰ ਰਿਹਾ ਹਾਂ ਅਤੇ ਇਹ ਪਹਿਲੀ ਵਾਰ ਸੀ ਜਦੋਂ ਨਦੀਮ ਨੇ ਜਿੱਤ ਪ੍ਰਾਪਤ ਕੀਤੀ।’’ ਨਦੀਮ ਬਾਰੇ ਪੁੱਛੇ ਜਾਣ ’ਤੇ ਚੋਪੜਾ ਨੇ ਕਿਹਾ, ‘‘ਉਹ (ਨਦੀਮ) ਇਕ ਚੰਗਾ ਇਨਸਾਨ ਹੈ, ਚੰਗਾ ਬੋਲਦਾ ਹੈ, ਆਦਰ ਕਰਦਾ ਹੈ, ਇਸ ਲਈ ਮੈਨੂੰ ਇਹ ਪਸੰਦ ਹੈ।’’

ਇਹ ਪੁੱਛੇ ਜਾਣ ’ਤੇ ਕਿ ਜੈਵਲਿਨ ਥ੍ਰੋਅਰ ਨੂੰ ਕਿਸ ਚੀਜ਼ ਦੀ ਸੱਭ ਤੋਂ ਵੱਧ ਜ਼ਰੂਰਤ ਹੁੰਦੀ ਹੈ, ਚੋਪੜਾ ਨੇ ਕਿਹਾ, ‘‘ਤਾਕਤ, ਸਹਿਣਸ਼ੀਲਤਾ, ਮਾਨਸਿਕ ਸਮਰੱਥਾ।’’ ਉਨ੍ਹਾਂ ਕਿਹਾ, ‘‘ਇਹ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਅਤੇ ਇਕ ਚੀਜ਼ ਕੰਮ ਨਹੀਂ ਕਰੇਗੀ, ਪਰ ਜਿਸ ਕੋਲ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਸੱਭ ਤੋਂ ਵਧੀਆ ਤਕਨੀਕ ਹੋਵੇਗੀ ਉਹ ਚੰਗਾ ਪ੍ਰਦਰਸ਼ਨ ਕਰੇਗਾ।’’