ਨਿਊਜ਼ੀਲੈਂਡ ਨੇ 36 ਸਾਲ ਬਾਅਦ ਭਾਰਤ ’ਚ ਜਿੱਤਿਆ ਟੈਸਟ ਮੈਚ
ਜਿੱਤ ਲਈ 107 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਕੋਈ ਗਲਤੀ ਨਹੀਂ ਕੀਤੀ
ਬੇਂਗਲੁਰੂ : ਨਿਊਜ਼ੀਲੈਂਡ ਨੇ ਆਖਰੀ ਦਿਨ ਜਸਪ੍ਰੀਤ ਬੁਮਰਾਹ ਦੇ ਖਤਰਨਾਕ ਸਪੈਲ ਦਾ ਡੱਟ ਕੇ ਸਾਹਮਣਾ ਕਰ ਕੇ ਚਮਤਕਾਰ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰ ਦਿਤਾ ਹੈ। ਪਹਿਲਾ ਟੈਸਟ ਅੱਠ ਵਿਕਟਾਂ ਨਾਲ ਜਿੱਤ ਕੇ ਨਿਊਜ਼ੀਲੈਂਡ ਨੇ 36 ਸਾਲ ਬਾਅਦ ਭਾਰਤੀ ਧਰਤੀ ’ਤੇ ਕਿਸੇ ਟੈਸਟ ਮੈਚ ’ਚ ਸਫਲਤਾ ਦਾ ਸਵਾਦ ਚਖਿਆ।
ਨਿਊਜ਼ੀਲੈਂਡ ਨੇ ਆਖਰੀ ਵਾਰ 1988 ’ਚ ਜਾਨ ਰਾਈਟ ਦੀ ਕਪਤਾਨੀ ਹੇਠ ਵਾਨਖੇੜੇ ਸਟੇਡੀਅਮ ’ਚ ਭਾਰਤ ਨੂੰ ਹਰਾਇਆ ਸੀ। ਜਿੱਤ ਲਈ 107 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਕੋਈ ਗਲਤੀ ਨਹੀਂ ਕੀਤੀ। ਵਿਲ ਯੰਗ ਨੇ 48 ਅਤੇ ਰਚਿਨ ਰਵਿੰਦਰ ਨੇ 39 ਦੌੜਾਂ ਬਣਾਈਆਂ। ਦੋਹਾਂ ਨੇ ਤੀਜੇ ਵਿਕਟ ਲਈ 75 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ ਟੀਮ ਨੂੰ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਅੱਗੇ ਕਰ ਦਿਤਾ।
ਪਹਿਲੀ ਪਾਰੀ ’ਚ 46 ਦੌੜਾਂ ’ਤੇ ਆਊਟ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਭਾਰਤ ਨੇ ਮੈਚ ’ਚ ਵਾਪਸੀ ਕੀਤੀ, ਉਹ ਸ਼ਲਾਘਾਯੋਗ ਹੈ। ਉਸ ਨੂੰ ਹੁਣ ਇਸ ਹਾਰ ਨੂੰ ਭੁੱਲ ਕੇ 24 ਅਕਤੂਬਰ ਤੋਂ ਪੁਣੇ ’ਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ’ਚ ਅਪਣੀ ਕੁਦਰਤੀ ਖੇਡ ਵਿਖਾਉਣੀ ਹੋਵੇਗੀ।
ਗਲੇ ਦੀ ਜਕੜਨ ਤੋਂ ਠੀਕ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਦੀ ਦੂਜੇ ਟੈਸਟ ’ਚ ਵਾਪਸੀ ਤੈਅ ਲੱਗ ਰਹੀ ਹੈ ਪਰ ਪਹਿਲੇ ਟੈਸਟ ਦੀ ਦੂਜੀ ਪਾਰੀ ’ਚ 150 ਦੌੜਾਂ ਬਣਾਉਣ ਵਾਲੇ ਸਰਫਰਾਜ਼ ਖਾਨ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਭਾਰਤ ਨੂੰ ਇਹ ਵੀ ਵੇਖਣਾ ਹੋਵੇਗਾ ਕਿ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਜਾਣਾ ਹੈ ਜਾਂ ਤਿੰਨ ਸਪਿਨਰਾਂ ਨੂੰ ਮੈਦਾਨ ’ਚ ਉਤਾਰਨਾ ਹੈ। ਐਮ. ਚਿੰਨਾਸਵਾਮੀ ਸਟੇਡੀਅਮ ’ਚ ਇਹ ਫੈਸਲਾ ਅਸਰਦਾਰ ਸਾਬਤ ਨਹੀਂ ਹੋਇਆ।
ਆਖ਼ਰੀ ਦਿਨ ਆਊਟਫੀਲਡ ਗਿੱਲਾ ਹੋਣ ਕਾਰਨ ਮੈਚ ਇਕ ਘੰਟਾ ਦੇਰੀ ਨਾਲ ਸਵੇਰੇ 10:15 ਵਜੇ ਸ਼ੁਰੂ ਹੋਇਆ। ਨਵੀਂ ਗੇਂਦ ਨੂੰ ਸੰਭਾਲਦੇ ਹੋਏ ਬੁਮਰਾਹ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੌਮ ਲਾਥਮ ਪਹਿਲੇ ਓਵਰ ’ਚ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਅੰਪਾਇਰ ਨੇ ਉਸ ਨੂੰ ਐਲ.ਬੀ.ਡਬਲਯੂ. ਆਊਟ ਦਿਤਾ ਜਿਸ ’ਤੇ ਉਨ੍ਹਾਂ ਨੇ ਰੀਵਿਊ ਲਿਆ। ਡੀ.ਆਰ.ਐਸ. ’ਚ ਵੀ ਉਸ ਦੇ ਆਊਟ ਹੋਣ ਦੀ ਪੁਸ਼ਟੀ ਕੀਤੀ ਗਈ।
ਭਾਰਤ ਨੂੰ ਤੀਜੇ ਤੇਜ਼ ਗੇਂਦਬਾਜ਼ ਦੀ ਕਮੀ ਮਹਿਸੂਸ ਹੋਈ ਹੋਵੇਗੀ ਕਿਉਂਕਿ ਵਿਕਟ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਮਦਦ ਕਰ ਰਹੀ ਸੀ। ਭਾਰਤ ਨੇ ਤੀਜੇ ਸਪਿਨਰ ਵਜੋਂ ਕੁਲਦੀਪ ਯਾਦਵ ਨੂੰ ਮੈਦਾਨ ’ਚ ਉਤਾਰਿਆ ਸੀ, ਜਿਸ ਨੇ ਤਿੰਨ ਓਵਰਾਂ ’ਚ 26 ਦੌੜਾਂ ਦਿਤੀਆਂ।
ਡੇਵੋਨ ਕੋਨਵੇ ਵੀ ਬੁਮਰਾਹ ਦੇ ਸਾਹਮਣੇ ਅਸਹਿਜ ਨਜ਼ਰ ਆਏ ਅਤੇ 17 ਦੌੜਾਂ ਬਣਾ ਕੇ ਐਲ.ਬੀ.ਡਬਲਯੂ. ਹੋ ਗਏ। ਨਿਊਜ਼ੀਲੈਂਡ ਦਾ ਸਕੋਰ ਉਸ ਸਮੇਂ ਦੋ ਵਿਕਟਾਂ ’ਤੇ 35 ਦੌੜਾਂ ਸੀ ਪਰ ਯੰਗ ਅਤੇ ਰਵਿੰਦਰ ਨੇ ਇਸ ਤੋਂ ਬਾਅਦ ਸਾਵਧਾਨੀ ਨਾਲ ਖੇਡਿਆ। ਅਸਮਾਨ ਖਿੱਲਣ ਤੋਂ ਬਾਅਦ ਬੱਲੇਬਾਜ਼ੀ ’ਚ ਕੋਈ ਸਮੱਸਿਆ ਨਹੀਂ ਆਈ ਅਤੇ ਦੋਹਾਂ ਨੇ ਢਿੱਲੀਆਂ ਗੇਂਦਾਂ ਦਾ ਫਾਇਦਾ ਚੁਕਿਆ। ਪਹਿਲੀ ਪਾਰੀ ’ਚ ਸੈਂਕੜਾ ਲਗਾਉਣ ਵਾਲੇ ਰਵਿੰਦਰ ਨੇ ਕੁਲਦੀਪ ਨੂੰ ਛੱਕਾ ਵੀ ਮਾਰਿਆ।
ਪਹਿਲਾ ਟੈਸਟ ਹਾਰਨ ਤੋਂ ਬਾਅਦ ਅਸੀਂ ਇੰਗਲੈਂਡ ਵਿਰੁਧ ਚਾਰ ਟੈਸਟ ਜਿੱਤੇ: ਰੋਹਿਤ ਸ਼ਰਮਾ
ਬੇਂਗਲੁਰੂ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਭਰੋਸਾ ਹੈ ਕਿ ਨਿਊਜ਼ੀਲੈਂਡ ਤੋਂ ਪਹਿਲਾ ਟੈਸਟ ਅੱਠ ਵਿਕਟਾਂ ਨਾਲ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਟੀਮ ਉਸੇ ਤਰ੍ਹਾਂ ਵਾਪਸੀ ਕਰੇਗੀ ਜਿਵੇਂ ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਵਿਰੁਧ ਲਗਾਤਾਰ ਚਾਰ ਜਿੱਤਾਂ ਨਾਲ ਕੀਤੀ ਸੀ।
ਰੋਹਿਤ ਨੇ ਮੈਚ ਤੋਂ ਬਾਅਦ ਪੁਰਸਕਾਰ ਵੰਡ ਸਮਾਰੋਹ ’ਚ ਕਿਹਾ, ‘‘ਇਸ ਤਰ੍ਹਾਂ ਦੇ ਮੈਚ ਹੁੰਦੇ ਹਨ। ਅਸੀਂ ਇਸ ਨੂੰ ਭੁੱਲ ਜਾਵਾਂਗੇ ਅਤੇ ਅੱਗੇ ਵਧਾਂਗੇ। ਅਸੀਂ ਇੰਗਲੈਂਡ ਵਿਰੁਧ ਇਕ ਮੈਚ ਹਾਰਨ ਤੋਂ ਬਾਅਦ ਚਾਰ ਮੈਚ ਜਿੱਤੇ ਹਨ। ਅਸੀਂ ਜਾਣਦੇ ਹਾਂ ਕਿ ਹਰ ਖਿਡਾਰੀ ਨੂੰ ਕੀ ਕਰਨਾ ਹੈ।’’
ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਸਥਿਤੀ ਨੂੰ ਸਮਝਣ ’ਚ ਗਲਤੀ ਕੀਤੀ ਪਰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਸੀ ਕਿ ਭਾਰਤੀ ਟੀਮ 46 ਦੌੜਾਂ ’ਤੇ ਆਊਟ ਹੋ ਜਾਵੇਗੀ। ਰੋਹਿਤ ਨੇ ਕਿਹਾ, ‘‘ਮੈਂ ਪ੍ਰੈੱਸ ਕਾਨਫਰੰਸ ’ਚ ਕਿਹਾ ਸੀ ਕਿ ਸਾਨੂੰ ਪਤਾ ਸੀ ਕਿ ਸ਼ੁਰੂਆਤ ’ਚ ਸਮੱਸਿਆਵਾਂ ਆਉਣਗੀਆਂ ਪਰ ਅਸੀਂ ਨਹੀਂ ਸੋਚਿਆ ਸੀ ਕਿ ਟੀਮ 46 ਦੌੜਾਂ ’ਤੇ ਆਊਟ ਹੋ ਜਾਵੇਗੀ। ਅਸੀਂ ਨਿਊਜ਼ੀਲੈਂਡ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਅਸੀਂ ਅਸਫਲ ਰਹੇ।’’
ਉਨ੍ਹਾਂ ਕਿਹਾ, ‘‘ਅਸੀਂ ਦੂਜੀ ਪਾਰੀ ’ਚ ਚੰਗੀ ਬੱਲੇਬਾਜ਼ੀ ਕੀਤੀ। ਜਦੋਂ ਤੁਸੀਂ 350 ਦੌੜਾਂ ਪਿੱਛੇ ਹੁੰਦੇ ਹੋ ਤਾਂ ਤੁਸੀਂ ਜ਼ਿਆਦਾ ਕੁੱਝ ਨਹੀਂ ਕਰ ਸਕਦੇ। ਕੁੱਝ ਚੰਗੀਆਂ ਭਾਈਵਾਲੀਆਂ ਬਣਾਈਆਂ ਗਈਆਂ ਹਨ। ਅਸੀਂ ਸਸਤੇ ’ਚ ਆਊਟ ਹੋ ਸਕਦੇ ਸੀ ਪਰ ਅਜਿਹਾ ਨਹੀਂ ਹੋਇਆ। ਸਰਫਰਾਜ਼ ਅਤੇ ਰਿਸ਼ਭ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਸਰਫਰਾਜ਼ ਨੇ ਬਹੁਤ ਹੀ ਪਰਿਪੱਕ ਪਾਰੀ ਖੇਡੀ ਹੈ।’’
ਆਈ.ਪੀ.ਐਲ. ਖੇਡਣ ਕਾਰਨ ਫ਼ਾਇਦਾ ਮਿਲਿਆ : ਰਚਿਨ ਰਵਿੰਦਰਾ
ਚੇਨਈ ਸੁਪਰ ਕਿੰਗਜ਼ ਲਈ ਆਈ.ਪੀ.ਐਲ. ਖੇਡਣ ਵਾਲੇ ਰਚਿਨ ਰਵਿੰਦਰਾ ਨੂੰ ਲਾਲ ਅਤੇ ਕਾਲੀ ਮਿੱਟੀ ’ਤੇ ਖੇਡਣ ਦਾ ਤਜਰਬਾ ਸੀ ਜਿਸ ਕਾਰਨ ਉਹ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦਾ ਡਟ ਕੇ ਸਾਹਮਣਾ ਕਰ ਸਕੇ। ਪਹਿਲੀ ਪਾਰੀ ’ਚ ਸੈਂਕੜਾ ਲਗਾਉਣ ਵਾਲੇ ਰਵਿੰਦਰਾ ਨੇ ਕਿਹਾ, ‘‘ਚੇਨਈ ’ਚ ਤਿਆਰੀ ਦੌਰਾਨ ਅਸੀਂ ਲਾਲ ਅਤੇ ਕਾਲੀ ਮਿੱਟੀ ’ਤੇ ਵੱਖ-ਵੱਖ ਪਿਚਾਂ ’ਤੇ ਅਭਿਆਸ ਕੀਤਾ, ਜਿਸ ਨਾਲ ਕਾਫੀ ਮਦਦ ਮਿਲੀ।’’ ਰਵਿੰਦਰਾ ਦੇ ਦਾਦਾ-ਦਾਦੀ ਅਜੇ ਵੀ ਬੈਂਗਲੁਰੂ ’ਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪਰਵਾਰ ਦੇ ਸਾਹਮਣੇ ਅਜਿਹੀ ਪਾਰੀ ਖੇਡ ਕੇ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਇਹ ਚੰਗਾ ਸ਼ਹਿਰ ਸੀ ਅਤੇ ਬੱਲੇਬਾਜ਼ੀ ਲਈ ਚੰਗੀ ਵਿਕਟ ਸੀ। ਪਰਵਾਰ ਦੇ ਸਾਹਮਣੇ ਖੇਡਣਾ ਭਾਵਨਾਤਮਕ ਸੀ। ਇਸ ਨੇ ਇਸ ਪਾਰੀ ਨੂੰ ਹੋਰ ਵੀ ਖਾਸ ਬਣਾ ਦਿਤਾ।