Sports News: ਵੀਅਤਨਾਮ ਵਿਚ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੀਆਂ ਧੀਆਂ ਦੀ ਚਮਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਗੁਰਬਾਣੀ ਕੌਰ ਅਤੇ ਦਿਲਜੋਤ ਕੌਰ ਨੇ ਚਾਂਦੀ ਦਾ ਤਮਗ਼ਾ ਜਿਤਿਆ

Gurbani Kaur and Diljot Kaur won silver medals

Gurbani Kaur and Diljot Kaur won silver medals: ਵੀਅਤਨਾਮ ਵਿੱਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 2025 ਵਿੱਚ ਪਹਿਲੀ ਵਾਰ ਪੰਜਾਬ ਦੀਆਂ ਧੀਆਂ ਨੇ ਇਤਿਹਾਸ ਰਚ ਦਿੱਤਾ ਹੈ। ਜ਼ਿਲ੍ਹਾ ਲੁਧਿਆਣਾ ਦੇ ਕਸਬਾ ਗੁਰੂਸਰ ਸੁਧਾਰ ਨੇੜਲੇ ਪਿੰਡ ਅੱਬੂਵਾਲ ਦੀ ਗੁਰਬਾਣੀ ਕੌਰ ਅਤੇ ਤਰਨਤਾਰਨ ਦੀ ਦਿਲਜੋਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।

ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਮਹਿਲਾ ਜੋੜੇ ਨੇ ਇਸ ਪ੍ਰਤਿਸ਼ਠਿਤ ਮੁਕਾਬਲੇ ਵਿੱਚ ਤਗਮਾ ਜਿੱਤਿਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 16 ਸਾਲਾਂ ਵਿੱਚ ਇਹ ਭਾਰਤ ਲਈ ਪਹਿਲੀ ਜਿੱਤ ਹੈ, ਜਿਸ ਕਾਰਨ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵੀਅਤਨਾਮ ਦੇ ਹੈ ਫੋਂਗ ਰੋਇੰਗ ਟ੍ਰੇਨਿੰਗ ਸੈਂਟਰ ਵਿੱਚ ਹੋਏ ਇਸ ਚੈਂਪੀਅਨਸ਼ਿਪ ਦਾ ਆਯੋਜਨ ਏਸ਼ੀਅਨ ਰੋਇੰਗ ਫੈਡਰੇਸ਼ਨ (ਏ.ਆਰ.ਐੱਫ.) ਵੱਲੋਂ ਕੀਤਾ ਗਿਆ ਸੀ।

ਇਸ ਵਿੱਚ ਵੀਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰਾਲੇ ਸਮੇਤ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਰਿਹਾ।ਇਸ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ 18 ਦੇਸ਼ਾਂ ਅਤੇ ਪ੍ਰਦੇਸ਼ਾਂ ਤੋਂ 668 ਖਿਡਾਰੀਆਂ ਅਤੇ ਕੋਚਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਵੀਅਤਨਾਮ, ਈਰਾਨ, ਭਾਰਤ, ਜਾਪਾਨ, ਕੋਰੀਆ ਗਣਰਾਜ, ਥਾਈਲੈਂਡ ਅਤੇ ਸਿੰਗਾਪੁਰ ਦੇ ਖਿਡਾਰੀ ਵੀ ਸ਼ਾਮਲ ਸਨ।ਭਾਰਤ ਦੀਆਂ ਦੋਹਾਂ ਖਿਡਾਰਣਾਂ ਦੇ ਇਸ ਪ੍ਰਦਰਸ਼ਨ ਨੇ ਨਾ ਸਿਰਫ਼ ਪੰਜਾਬ ਦਾ ਸਿਰ ਗੌਰਵ ਨਾਲ ਉੱਚਾ ਕੀਤਾ ਹੈ, ਸਗੋਂ ਦੇਸ਼ ਦੇ ਰੋਇੰਗ ਖੇਡ ਇਤਿਹਾਸ ਵਿੱਚ ਇੱਕ ਨਵਾਂ ਸੋਹਣਾ ਪੰਨਾ ਜੋੜ ਦਿੱਤਾ ਹੈ।
 

ਰਾਏਕੋਟ ਤੋਂ ਜਸਵੰਤ ਸਿੰਘ ਸਿੱਧੂ ਦੀ ਰਿਪੋਰਟ