ਮੁੱਖ ਮੰਤਰੀ ਨੇ ਮੁੱਕੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਨੂੰ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹੁਣ ਮਹਿਲਾ ਮੁੱਕੇਬਾਜ਼ੀ ਦੇ ਗੜ੍ਹ ਵਜੋਂ ਜਾਣਿਆ ਜਾਣ ਲੱਗਿਆ ਪੰਜਾਬ- ਕੈਪਟਨ ਅਮਰਿੰਦਰ ਸਿੰਘ

CAPT AMARINDER CONGRATULATES BOXING WORLD CUP GOLD WINNER SIMRANJEET CHAKAR

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਲੋਨ (ਜਰਮਨੀ) ਵਿਖੇ ਮੁੱਕੇਬਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੂੰ ਮੁਬਾਰਕਬਾਦ ਦਿੱਤੀ। ਸਿਮਰਨਜੀਤ ਨੂੰ ਪੰਜਾਬ ਦੀ ਮਾਣਮੱਤੀ ਧੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁੱਕੇਬਾਜ਼ੀ ਖੇਡ ਦੇ ਇਸ ਵੱਕਾਰੀ ਤੇ ਵੱਡੇ ਮੁਕਾਬਲੇ ਵਿੱਚ ਉਸ ਦੀ ਇਹ ਪ੍ਰਾਪਤੀ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਹੁਣ ਮਹਿਲਾ ਮੁੱਕੇਬਾਜ਼ੀ ਦੇ ਗੜ੍ਹ ਵਜੋਂ ਜਾਣਿਆ ਜਾਣ ਲੱਗਾ ਹੈ ਜਿਸ ਲਈ ਸਿਮਰਨਜੀਤ, ਉਸ ਦੇ ਮਾਪੇ ਅਤੇ ਕੋਚ ਵਧਾਈ ਦੇ ਪਾਤਰ ਹਨ। ਕਲੋਨ ਵਿਖੇ ਮੁੱਕੇਬਾਜ਼ੀ ਵਿਸ਼ਵ ਕੱਪ ਵਿੱਚ ਮਹਿਲਾ ਵਰਗ ਦੇ 60 ਕਿਲੋ ਭਾਰ ਵਰਗ ਵਿੱਚ ਸਿਮਰਨਜੀਤ ਨੇ ਫਾਈਨਲ ਵਿੱਚ ਜਰਮਨੀ ਦੀ ਮਾਇਆ ਕਲੇਨਹਾਂਸ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾ ਸੈਮੀ ਫਾਈਨਲ ਵਿੱਚ ਸਿਮਰਨਜੀਤ ਨੇ ਯੂਕਰੇਨ ਦੀ ਮਾਰੀਅੰਨਾ ਬਸਾਨੇਤਸ ਨੂੰ ਵੀ 4-1 ਨਾਲ ਹਰਾਇਆ ਸੀ।

ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ਸਿਮਰਨਜੀਤ ਕੌਰ ਵੱਲੋਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਮਰਨਜੀਤ ਅਤੇ ਉਸ ਦੇ ਪਰਿਵਾਰ ਨੂੰ ਨਿੱਜੀ ਤੌਰ ਉਤੇ ਮਿਲ ਕੇ ਵਧਾਈ ਦਿੱਤੀ ਸੀ ਅਤੇ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਤਰਫੋਂ ਸਿਮਰਨਜੀਤ ਕੌਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਸੀ। ਮੁੱਕੇਬਾਜ਼ੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ (ਪੁਰਸ਼ ਤੇ ਮਹਿਲਾ) ਨੇ ਕੁੱਲ 9 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚ 3 ਸੋਨੇ, 2 ਚਾਂਦੀ ਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ।