ਨਿਊਜ਼ੀਲੈਂਡ ਲਈ ਖ਼ੁਸ਼ਖ਼ਬਰੀ, ਟੇਲਰ ਇੰਗਲੈਂਡ ਵਿਰੁਧ ਪਹਿਲੇ ਟੈਸਟ ਮੈਚ ਲਈ ਫਿੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਲਈ ਖ਼ੁਸ਼ਖ਼ਬਰੀ, ਟੇਲਰ ਇੰਗਲੈਂਡ ਵਿਰੁਧ ਪਹਿਲੇ ਟੈਸਟ ਮੈਚ ਲਈ ਫਿੱਟ

Taylor

ਆਕਲੈਂਡ : ਨਿਊਜ਼ੀਲੈਂਡ ਦੇ ਦਿੱਗਜ ਬੱਲੇਬਾਜ਼ ਰੌਸ ਟੇਲਰ ਨੂੰ ਕਲ ਤੋਂ ਆਕਲੈਂਡ ਦੇ ਈਡਨ ਪਾਰਕ 'ਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਲਈ ਅੱਜ ਫਿਟ ਘੋਸ਼ਿਤ ਕਰ ਦਿਤਾ ਗਿਆ ਹੈ। ਟੇਲਰ ਸੱਟ ਅਤੇ ਪੇਟ 'ਚ ਇਨਫੈਕਸ਼ਨ ਨਾਲ ਝੂਝ ਰਹੇ ਸਨ, ਪਰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਨੇ ਕਿਹਾ ਕਿ ਟੇਲਰ ਨੇ ਬਿਨਾ ਕਿਸੇ ਪਰੇਸ਼ਾਨੀ ਦੇ ਪੂਰੀ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਲਿਆ। ਕਪਤਾਨ ਨੇ ਕਿਹਾ ਕਿ ਟੇਲਰ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਇਹ ਸਾਡੇ ਲਈ ਚੰਗੀ ਖਬਰ ਹੈ।

 ਕੇਨ ਨੇ ਕਿਹਾ ਕਿ ਟੇਲਰ ਜਦੋਂ ਵੀ ਕ੍ਰੀਜ਼ 'ਤੇ ਉਤਰਦਾ ਹੈ ਤਾਂ ਚੰਗਾ ਪ੍ਰਦਰਸ਼ਨ ਕਰਦਾ ਹੈ। ਉਸ ਦੇ ਰਹਿਣ ਨਾਲ ਕ੍ਰੀਜ਼ 'ਤੇ ਆਤਮਵਿਸ਼ਵਾਸ ਬਣਿਆ ਰਹਿੰਦਾ ਹੈ। ਵਿਲਿਅਮਸਨ ਨੇ ਕਿਹਾ ਕਿ ਮਿਸ਼ੇਲ ਸੈਂਟਨਰ ਦੀ ਜਗ੍ਹਾ ਟਾਡ ਏਸਟਲ ਸਪਿਨਰ ਦੇ ਰੂਪ 'ਚ ਟੀਮ 'ਚ ਜਗ੍ਹਾ ਬਣਾਉਣਗੇ, ਜਦਕਿ ਵਾਟਲਿੰਗ ਦੀ ਵਿਕਟਕੀਪਰ ਦੇ ਰੂਪ 'ਚ ਵਾਪਸੀ ਹੋਈ ਹੈ। ਵਾਟਲਿੰਗ ਕਮਰ ਦੀ ਸੱਟ ਕਾਰਨ ਵੈਸਟਇੰਡੀਜ਼ ਦੇ ਖਿਲਾਫ ਟੈਸਟ ਮੈਚਾਂ 'ਚ ਨਹੀਂ ਖੇਡ ਪਾਏ ਸੀ। ਇੰਗਲੈਂਡ ਅਤੇ ਨਿਊਜ਼ੀਲੈਂਡ 'ਚ ਇਹ ਦਿਨ-ਰਾਤ ਟੈਸਟ ਮੈਚ ਹੋਵੇਗਾ। 

ਨਿਊਜ਼ੀਲੈਂਡ ਇਸ ਤੋਂ ਪਹਿਲਾਂ 2015 'ਚ ਆਸਟਰੇਲੀਆ ਵਿਰੁਧ ਸਫੈਦ ਰੋਸ਼ਨੀ 'ਚ ਟੈਸਟ ਮੈਚ ਖੇਡਿਆ ਸੀ, ਜਿਸ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਦੋ ਵਾਰ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡ ਚੁਕਾ ਹੈ। ਉਸ ਨੇ ਅਗਸਤ 'ਚ ਵੈਸਟਇੰਡੀਜ਼ ਖਿਲਾਫ ਘਰੇਲੂ ਜ਼ਮੀਨ 'ਤੇ ਜਿੱਤ ਦਰਜ ਕੀਤੀ ਸੀ, ਪਰ ਦਸੰਬਰ 'ਚ ਉਹ ਐਡੀਲੇਡ ਓਵਲ 'ਚ ਆਸਟਰੇਲੀਆ ਤੋਂ ਹਾਰ ਗਿਆ ਸੀ।