ਉਲੰਪਿਕ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਓ.ਏ. ਮੁਖੀ ਅਤੇ ਬਾਕ ਦੀ ਮੁਲਾਕਾਤ 'ਚ ਉਠਿਆ ਮੇਜ਼ਬਾਨੀ ਦਾ ਮੁੱਦਾ

Mr. Thomas Bach

ਨਵੀਂ ਦਿੱਲੀ: ਭਾਰਤੀ ਉਲੰਪਿਕ ਸੰਘ (ਆਈ.ਓ.ਏ.) ਦੇ ਮੁਖੀ ਨਰਿੰਦਰ ਬੱਤਰਾ ਨੇ ਕਿਹਾ ਕਿ ਭਾਰਤ 2026 ਨੌਜਵਾਨ ਉਲੰਪਿਕ ਖੇਡਾਂ, 2030 ਏਸ਼ੀਆਈ ਖੇਡਾਂ ਅਤੇ 2036 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ।ਬੱਤਰਾ ਨੇ ਕੌਮਾਂਤਰੀ ਉਲੰਪਿਕ ਕਮੇਟੀ ਦੇ ਮੁਖੀ ਥਾਮਸ ਬਾਕ ਅਤੇ ਏਸ਼ੀਆਈ ਉਲੰਪਿਕ ਕੌਂਸਲ ਦੇ ਮੁਖੀ ਅਤੇ ਪ੍ਰਭਾਵਸ਼ਾਲੀ ਕੌਮੀ ਉਲੰਪਿਕ ਕਮੇਟੀਆਂ ਦੇ ਸੰਘ ਦੇ ਮੁਖੀ ਸ਼ੇਖ ਅਹਿਮਦ ਅਲ ਸਬਾਹ ਨਾਲ ਮੀਟਿੰਗ ਕੀਤੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮਿਟੰਗ 'ਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ 'ਤੇ ਵੀ ਚਰਚਾ ਹੋਈ। ਬੱਤਰਾ ਨੇ ਕਿਹਾ ਕਿ ਭਾਰਤ 2026 ਨੌਜਵਾਨ ਉਲੰਪਿਕ ਖੇਡਾਂ, 2030 ਏਸ਼ੀਆਈ ਖੇਡਾਂ ਅਤੇ 2036 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਸਾਨੂੰ ਮੇਜ਼ਬਾਨੀ ਮਿਲੇ ਜਾਂ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਅਸੀਂ ਇਨ੍ਹਾਂ ਖੇਡਾਂ ਲਈ ਦਾਅਵੇਦਾਰੀ ਪੇਸ਼ ਕਰਾਂਗੇ। ਜ਼ਿਕਰਯੋਗ ਹੈ ਕਿ ਭਾਰਤ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਵਰਗੇ ਵੱਡੇ ਖੇਡਾਂ ਮੁਕਾਬਲਿਆਂ ਦੀ ਮੇਜ਼ਬਾਨੀ ਸਫ਼ਲਤਾਪੂਰਵਕ ਕਰ ਚੁਕਾ ਹੈ। 

ਆਈ.ਓ.ਏ. ਮੁਖੀ ਬਾਕ ਨੇ ਹਾਲਾਂ ਕਿ ਭਾਰਤ ਦੀ ਦਾਅਵੇਦਾਰੀ 'ਤੇ ਕਿਸੇ ਵੀ ਤਰ੍ਹਾਂ ਦਾ ਭਰੋਸਾ ਦੇਣ ਤੋਂ ਇਨਕਾਰ ਕਰ ਦਿਤਾ। ਬਾਕ ਨੇ ਕਿਹਾ ਕਿ ਮੈਂ ਸਿਰਫ਼ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਭਾਰਤ 'ਚ ਕਾਫ਼ੀ ਸਮਰਥਾ ਹੈ ਅਤੇ ਇਕ ਨਾ ਇਕ ਦਿਨ ਭਾਰਤ ਉਲੰਪਿਕ ਦੇ ਮੇਜ਼ਬਾਨੀ ਕਰੇਗਾ ਪਰ ਫ਼ਿਲਹਾਲ ਨੌਜਵਾਨ ਉਲੰਪਿਕ ਖੇਡਾਂ ਜਾਂ ਉਲੰਪਿਕ ਖੇਡਾਂ ਦੀ ਦਾਅਵੇਦਾਰੀ ਲਈ ਕੋਈ ਪ੍ਰਕਿਰਿਆ ਖੁੱਲ੍ਹੀ ਨਹੀਂ ਹੈ ਇਸ ਲਈ ਇਸ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ 2028 ਉਲੰਪਿਕ ਤਕ ਦੇ ਮੇਜਬਾਨ ਤੈਅ ਹੋ ਚੁਕੇ ਹਨ ਅਤੇ ਕਿਸੇ ਵੀ ਦੇਸ਼ ਨੂੰ ਮੇਜ਼ਬਾਨੀ ਦਾ ਅਗਲਾ ਮੌਕਾ 2032 'ਚ ਹੀ ਮਿਲ ਸਕੇਗਾ, ਜਿਸ ਦੀ ਪ੍ਰਕਿਰਿਆ ਸ਼ੁਰੂ ਹੋਣ ਲਈ ਅਜੇ ਕਾਫ਼ੀ ਸਮਾਂ ਬਾਕੀ ਹੈ। ਉਨ੍ਹਾਂ ਕਿਹਾ ਕਿ ਸਰਦ ਰੁਤ ਉਲੰਪਿਕ 2026 ਦੀ ਮੇਜ਼ਬਾਨੀ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਮੈਨੂੰ ਨਹੀਂ ਲਗਦਾ ਕਿ ਇਸ ਦੀ ਮੇਜ਼ਬਾਨੀ 'ਚ ਭਾਰਤ ਦੀ ਕੋਈ ਰੁਚੀ ਹੋਵੇਗੀ।  (ਏਜੰਸੀ)