ਦਿੱਲੀ ਦੀ ਅਦਾਲਤ ਨੇ ਜਿਨਸੀ ਸੋਸ਼ਣ ਮਾਮਲੇ ’ਚ ਬ੍ਰਿਜ ਭੂਸ਼ਣ ਵਿਰੁਧ ਦੋਸ਼ ਤੈਅ ਕੀਤੇ 

ਏਜੰਸੀ

ਖ਼ਬਰਾਂ, ਖੇਡਾਂ

ਬ੍ਰਿਜ ਭੂਸ਼ਣ ਨੇ ਖ਼ੁਦ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕੀਤਾ

Brij Bhushan Sharan Singh

ਨਵੀਂ ਦਿੱਲੀ, 21 ਮਈ : ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਮਹਿਲਾ ਭਲਵਾਨਾਂ ਵਲੋਂ ਦਾਇਰ ਅਪਰਾਧਕ ਮਾਮਲੇ ’ਚ ਜਿਨਸੀ ਸੋਸ਼ਣ, ਧਮਕਾਉਣ ਅਤੇ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤੈਅ ਕੀਤੇ ਹਨ। 

ਬ੍ਰਿਜ ਭੂਸ਼ਣ ਨੇ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ਏ.ਸੀ.ਐਮ.ਐਮ.) ਪ੍ਰਿਯੰਕਾ ਰਾਜਪੂਤ ਦੇ ਸਾਹਮਣੇ ਖ਼ੁਦ ਨੂੰ ਬੇਕਸੂਰ ਦਸਿਆ ਅਤੇ ਸੁਣਵਾਈ ਦੀ ਮੰਗ ਕੀਤੀ। ਬ੍ਰਿਜ ਭੂਸ਼ਣ ਨੇ ਕਿਹਾ, ‘‘ਜਦੋਂ ਮੈਂ ਦੋਸ਼ੀ ਨਹੀਂ ਹਾਂ ਤਾਂ ਮੈਂ ਦੋਸ਼ੀ ਕਿਉਂ ਮੰਨਾਂਗਾ?’’

ਅਦਾਲਤ ਨੇ ਇਸ ਮਾਮਲੇ ਦੇ ਸਹਿ-ਦੋਸ਼ੀ ਅਤੇ ਡਬਲਿਊ.ਐੱਫ.ਆਈ. ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਵਿਰੁਧ ਅਪਰਾਧਕ ਧਮਕੀ ਦੇ ਦੋਸ਼ ਵੀ ਤੈਅ ਕੀਤੇ ਹਨ। 

ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਨੂੰ ਜਿਨਸੀ ਸੋਸ਼ਣ ਦੇ ਦੋਸ਼ਾਂ ਕਾਰਨ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਪਾਰਟੀ ਨੇ ਉਨ੍ਹਾਂ ਦੇ ਬੇਟੇ ਕਰਨ ਭੂਸ਼ਣ ਸਿੰਘ ਨੂੰ ਇਸ ਸੀਟ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ।