ਕਬੱਡੀ ਵਿਸ਼ਵ ਕਪ 'ਚ ਖੇਡਣ ਲਈ ਨਿਊਜ਼ੀਲੈਂਡ ਦੀ ਮਹਿਲਾ ਟੀਮ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਵੁਮੈਨ ਕਬੱਡੀ ਟੀਮ ਦੀ ਧਾਕ ਪਿਛਲੇ ਕੁੱਝ ਸਾਲਾਂ ਤੋਂ ਵਿਸ਼ਵ ਪਧਰੀ ਕਬੱਡੀ ਮੁਕਾਬਿਲਆਂ ਵਿਚ ਜੰਮੀ ਹੋਈ ਹੈ.....

New Zealand Kabaddi Women Team

ਆਕਲੈਂਡ : ਨਿਊਜ਼ੀਲੈਂਡ ਵੁਮੈਨ ਕਬੱਡੀ ਟੀਮ ਦੀ ਧਾਕ ਪਿਛਲੇ ਕੁੱਝ ਸਾਲਾਂ ਤੋਂ ਵਿਸ਼ਵ ਪਧਰੀ ਕਬੱਡੀ ਮੁਕਾਬਿਲਆਂ ਵਿਚ ਜੰਮੀ ਹੋਈ ਹੈ। ਭਾਰਤ ਵਿਚ ਹੋ ਚੁਕੇ ਵਿਸ਼ਵ ਕਬੱਡੀ ਮੁਕਾਬਲਿਆਂ ਵਿਚ ਇਹ ਟੀਮ ਦੂਜੇ ਨੰਬਰ ਉਤੇ ਰਹਿ ਕੇ ਨਿਊਜ਼ੀਲੈਂਡ ਦਾ ਝੰਡਾ ਲਹਿਰਾ ਚੁਕੀ ਹੈ। ਮਾਓਰੀ ਮੂਲ ਦੀਆਂ ਕੁੜੀਆਂ ਨੂੰ ਕਬੱਡੀ ਕਾਫੀ ਰਾਸ ਆ ਗਈ ਹੈ ਅਤੇ ਇਨ੍ਹਾਂ ਨੂੰ ਪ੍ਰੋਮੋਟ ਕਰਨ ਵਾਲੇ ਤਾਰਾ ਸਿੰਘ ਬੈਂਸ ਅਤੇ ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਬੈਂਸ ਅਵੱਲਾ ਸ਼ੌਕ ਰਖਦੇ ਹਨ। ਇਨ੍ਹਾਂ ਦੀ ਪ੍ਰੋਮੋਸ਼ਨ ਵਾਸਤੇ ਹੁਣ ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਵੀ ਅੱਗੇ ਆ ਚੁਕੀ ਹੈ।

ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਅਤੇ ਤੀਰਥ ਸਿੰਘ ਅਟਵਾਲ ਨੇ ਇਨ੍ਹਾਂ ਕੁੜੀਆਂ ਨੂੰ ਇੰਟਰਨੈਸ਼ਨਲ ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿੱਪ ਵਿਚ ਭਾਗ ਲੈਣ ਲਈ ਪੂਰਨ ਸਹਿਯੋਗ ਦਾ ਵਾਅਦਾ ਕੀਤਾ।ਬੁਧਵਾਰ ਨੂੰ ਇਹ ਟੀਮ ਆਕਲੈਂਡ ਹਵਾਈ ਅੱਡੇ ਉਤੋਂ ਮਲੇਸ਼ੀਆ ਵਿਖੇ 22 ਤੋਂ 24 ਜੂਨ ਤਕ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਤਾਰਾ ਸਿੰਘ ਦੀ ਅਗਵਾਈ ਵਿਚ ਰਵਾਨਾ ਹੋਈ।

ਟੀਮ ਦੀ ਸਫ਼ਲਤਾ ਲਈ ਤਰਨਜੀਤ ਸਿੰਘ ਜੰਡਾ, ਹਰਪਾਲ ਸਿੰਘ, ਮੋਹਿੰਦਰ ਸਿੰਘ ਨਾਗਰਾ, ਜਰਨੈਲ ਸਿੰਘ ਜੇ.ਪੀ., ਪ੍ਰਿਤਪਾਲ ਸਿੰਘ, ਜਗਦੇਵ ਸਿੰਘ ਜੱਗੀ, ਝਿਲਮਿਲ ਸਿੰਘ, ਜੱਸਾ ਬੋਲੀਨਾ, ਅੰਗਰੇਜ ਸਿੰਘ, ਰਾਜਾ ਬੁਟਰ, ਪਿੰਦੂ ਵਿਰਕ ਆਦਿ ਨੇ ਸ਼ੁੱਭ ਇਛਾਵਾਂ ਦਿਤੀਆਂ।