2 ਵਾਰ ਦੀ ਚੈਂਪੀਅਨ ਰਹੀ ਵੈਸਟਇੰਡੀਜ਼ ਵਿਸ਼ਵ ਕੱਪ ਤੋਂ ਬਾਹਰ, ਆਇਰਲੈਂਡ ਨੇ ਕੁਆਲੀਫਾਇੰਗ ਰਾਊਂਡ 'ਚ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਆਈਸੀਸੀ ਰੈਂਕਿੰਗ 'ਚ ਆਇਰਲੈਂਡ ਦੀ ਟੀਮ 12ਵੇਂ ਸਥਾਨ 'ਤੇ ਹੈ, ਜਦਕਿ ਵੈਸਟਇੰਡੀਜ਼ ਦੀ ਟੀਮ ਸੱਤਵੇਂ ਸਥਾਨ 'ਤੇ ਹੈ।

West Indies out of World Cup

 

ਮੁੰਬਈ - ਟੀ-20 ਵਿਸ਼ਵ ਕੱਪ 2022 'ਚ ਸ਼ੁੱਕਰਵਾਰ ਨੂੰ ਸਭ ਤੋਂ ਵੱਡਾ ਬਦਲਫੇਰ ਹੋਇਆ। ਦੋ ਵਾਰ ਵਿਸ਼ਵ ਚੈਂਪੀਅਨ ਰਹੀ ਵੈਸਟਇੰਡੀਜ਼ ਕੁਆਲੀਫਾਇੰਗ ਦੌਰ ਵਿਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਆਇਰਲੈਂਡ ਨੇ ਵਿਸ਼ਵ ਚੈਂਪੀਅਨ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਵੀ ਵਿਸ਼ਵ ਚੈਂਪੀਅਨ ਟੀਮ ਮੁੱਖ ਦੌਰ ਵਿਚ ਨਹੀਂ ਪਹੁੰਚੀ ਹੈ। ਵੈਸਟਇੰਡੀਜ਼ ਨੇ 2012 ਅਤੇ 2016 ਵਿਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਆਈਸੀਸੀ ਰੈਂਕਿੰਗ 'ਚ ਆਇਰਲੈਂਡ ਦੀ ਟੀਮ 12ਵੇਂ ਸਥਾਨ 'ਤੇ ਹੈ, ਜਦਕਿ ਵੈਸਟਇੰਡੀਜ਼ ਦੀ ਟੀਮ ਸੱਤਵੇਂ ਸਥਾਨ 'ਤੇ ਹੈ।

ਆਇਰਲੈਂਡ ਦੋ ਜਿੱਤਾਂ ਤੋਂ ਬਾਅਦ 4 ਅੰਕਾਂ ਨਾਲ ਅੰਕ ਸੂਚੀ ਵਿਚ ਸਿਖ਼ਰ 'ਤੇ ਹੈ ਅਤੇ ਉਸ ਨੇ ਸੁਪਰ-12 ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। 2016 ਦੀ ਚੈਂਪੀਅਨ 2 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ। ਗਰੁੱਪ ਦਾ ਆਖ਼ਰੀ ਮੈਚ ਜ਼ਿੰਬਾਬਵੇ ਅਤੇ ਸਕਾਟਲੈਂਡ ਵਿਚਾਲੇ ਖੇਡਿਆ ਜਾਣਾ ਹੈ। 

ਇਸ ਮੈਚ ਦੀ ਜੇਤੂ ਟੀਮ ਵੀ ਸੁਪਰ-12 ਵਿਚ ਜਾਵੇਗੀ। ਕਿਸ ਪੂਲ ਵਿੱਚ ਕੌਣ ਹੋਵੇਗਾ? ਇਸ ਦਾ ਫੈਸਲਾ ਮੈਚ ਤੋਂ ਬਾਅਦ ਹੋਵੇਗਾ। ਫਿਲਹਾਲ ਸਕਾਟਲੈਂਡ, ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਇਕ-ਇਕ ਜਿੱਤ ਨਾਲ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਤਿੰਨਾਂ ਦੇ ਬਰਾਬਰ ਅੰਕ ਹਨ।

- ਆਇਰਿਸ਼ ਸਪਿਨਰ
ਆਇਰਲੈਂਡ ਦੇ ਸਪਿੱਨਰਾਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਹ ਵੈਸਟਇੰਡੀਜ਼ ਨੂੰ ਇਕ-ਇਕ ਝਟਕਾ ਦਿੰਦੇ ਰਹੇ ਅਤੇ ਵੈਸਟਇੰਡੀਜ਼ ਦੀ ਟੀਮ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੀ। ਸਪਿੱਨਰਾਂ ਨੇ 5 ਵਿਚੋਂ 4 ਵਿਕਟਾਂ ਲਈਆਂ। ਇਕ ਵਿਕਟ ਮੱਧਮ ਤੇਜ਼ ਗੇਂਦਬਾਜ਼ ਮੈਕਕਾਰਥੀ ਨੇ ਲਈ। 

- ਆਇਰਿਸ਼ ਬੱਲੇਬਾਜ਼ੀ
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਇਰਲੈਂਡ ਦੇ ਸਲਾਮੀ ਬੱਲੇਬਾਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ। 11 ਓਵਰਾਂ 'ਚ 100 ਦੌੜਾਂ ਦਾ ਅੰਕੜਾ ਪਾਰ ਕਰਕੇ ਹਰ ਦਬਾਅ ਨੂੰ ਦੂਰ ਕੀਤਾ। ਕਪਤਾਨ ਬਲਬੀਰਨੀ ਨੇ 37 ਦੌੜਾਂ ਦੀ ਪਾਰੀ ਖੇਡੀ। ਪਾਲ ਸਟਰਲਿੰਗ ਨਾਲ 73 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਸਟਰਲਿੰਗ ਨੇ ਨਾਬਾਦ 56 ਅਤੇ ਟਕਰ ਨੇ ਨਾਬਾਦ 47 ਦੌੜਾਂ ਬਣਾਈਆਂ।