ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ‘ਤੇ ਗੌਤਮ ਗੰਭੀਰ ਨੇ ਨਵਜੋਤ ਸਿੱਧੂ 'ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

'ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ 'ਤੇ ਭੇਜੋ'

Gautam Gambhir targets Navjot Sidhu

 

ਨਵੀਂ ਦਿੱਲੀ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਸ਼ਨੀਵਾਰ ਨੂੰ ਸਿੱਧੂ ਦਾ ਇੱਕ ਹੋਰ ਬਿਆਨ ਵਿਵਾਦ ਦਾ ਵਿਸ਼ਾ ਬਣ ਗਿਆ ਹੈ।

 

 

ਦਰਅਸਲ, ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿ ਆਰਮੀ ਚੀਫ਼ ਬਾਜਵਾ ਨੂੰ ਗਲੇ ਲਗਾ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਦੱਸਿਆ ਸੀ। ਉਨ੍ਹਾਂ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਨੇਤਾ ਅਤੇ ਪੂਰਬੀ ਦਿੱਲੀ ਦੇ ਸੰਸਦ ਗੌਤਮ ਗੰਭੀਰ ਨੇ ਉਨ੍ਹਾਂ ਨੂੰ ਘੇਰ ਲਿਆ।

 

 

ਗੰਭੀਰ ਨੇ ਸਾਧਿਆ ਨਿਸ਼ਾਨਾ 
ਗੌਤਮ ਗੰਭੀਰ ਨੇ ਟਵੀਟ ਕਰਦਿਆਂ ਕਿਹਾ, ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ 'ਤੇ ਭੇਜਣ ਅਤੇ ਫਿਰ ਅਜਿਹੇ ਬਿਆਨ ਦੇਣ। ਗੌਤਮ ਗੰਭੀਰ (Gautam Gambhir)  ਨੇ ਇਹ ਵੀ ਕਿਹਾ ਕਿ ਭਾਰਤ 70 ਸਾਲਾਂ ਤੋਂ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਨਾਲ ਲੜ ਰਿਹਾ ਹੈ ਅਤੇ ਸਿੱਧੂ ਵੱਲੋਂ 'ਅੱਤਵਾਦੀ ਦੇਸ਼' ਦੇ ਪ੍ਰਧਾਨ ਮੰਤਰੀ ਨੂੰ ਆਪਣਾ ਵੱਡਾ ਭਰਾ ਕਹਿਣਾ 'ਸ਼ਰਮਨਾਕ' ਹੈ।

 

ਦੱਸ ਦਈਏ ਕਿ ਸਿੱਧੂ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਅਰਦਾਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਇਮਰਾਨ ਖਾਨ ਦੀ ਤਾਰੀਫ ਵੀ ਕੀਤੀ। ਉਨ੍ਹਾਂ ਨੇ ਕਿਹਾ ਸੀ, 'ਇਮਰਾਨ ਖਾਨ ਮੇਰੇ ਵੱਡੇ ਭਰਾ ਹਨ। ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਉਨ੍ਹਾਂ (Imran Khan) ਨੇ ਸਾਨੂੰ ਬਹੁਤ ਪਿਆਰ ਦਿੱਤਾ।

 

 

 

ਇਸ ਬਿਆਨ 'ਤੇ ਪੂਰਬੀ ਦਿੱਲੀ ਦੇ ਲੋਕ ਸਭਾ ਮੈਂਬਰ ਗੌਤਮ ਗੰਭੀਰ (Gautam Gambhir) ਨੇ ਅੱਗੇ ਕਿਹਾ, 'ਕੀ ਸਿੱਧੂ ਨੂੰ ਯਾਦ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਨੇ ਪਿਛਲੇ ਇੱਕ ਮਹੀਨੇ ਵਿੱਚ ਕਸ਼ਮੀਰ ਵਿੱਚ ਸਾਡੇ 40 ਤੋਂ ਵੱਧ ਨਾਗਰਿਕਾਂ ਅਤੇ ਜਵਾਨਾਂ ਨੂੰ ਮਾਰਿਆ ਸੀ?' ਇਸ ਤੋਂ ਪਹਿਲਾਂ, ਟੀਮ ਇੰਡੀਆ ਦੇ ਸਾਬਕਾ ਮੈਂਬਰ ਸਿੱਧੂ ਨੇ 2018 ਵਿੱਚ ਗੁਆਂਢੀ ਦੇਸ਼ ਦੇ ਦੌਰੇ ਦੌਰਾਨ ਪਾਕਿਸਤਾਨ ਦੇ ਤਤਕਾਲੀ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵਿਵਾਦਾਂ ਵਿੱਚ ਘਿਰੇ ਸੀ।