ਗੱਤਕਾ ਐਸੋਸੀਏਸ਼ਨ ਵੱਲੋਂ ਰੈਫਰੀਆਂ ਲਈ ਦੋ ਰੋਜ਼ਾ ਗੱਤਕਾ ਰਿਫਰੈਸ਼ਰ ਕੋਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

“ਵਿਜ਼ਨ ਡਾਕੂਮੈਂਟ-2030" ਮੁਤਾਬਿਕ ਗੱਤਕੇ ਦੀ ਪ੍ਰਫੁੱਲਤਾ ਲਈ ਕੀਤਾ ਮੰਥਨ

The Gatka refresher course

ਚੰਡੀਗੜ੍ਹ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਸੈਕਟਰ 53 ਦੇ ਗੁਰਦੁਆਰਾ ਸਾਹਿਬ ਵਿੱਚ ਰੈਫਰੀਆਂ ਲਈ ਦੋ ਰੋਜ਼ਾ ਮੁਫ਼ਤ ਗੱਤਕਾ ਰਿਫਰੈਸ਼ਰ ਕੋਰਸ ਲਗਾਇਆ ਗਿਆ ਜਿਸ ਵਿੱਚ ਪੰਜਾਬ ਤੇ ਹਰਿਆਣਾ ਦੇ 45 ਰੈਫਰੀਆਂ ਨੇ ਭਾਗ ਲਿਆ।

ਇਸ ਕੋਰਸ ਵਿੱਚ ਆਪਣੇ ਸੰਬੋਧਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਰੈਫਰੀਆਂ ਨੂੰ ਗੱਤਕਾ ਟੂਰਨਾਮੈਂਟਾਂ ਤੇ ਸਿਖਲਾਈ ਕੈਂਪਾਂ ਦੇ ਸਫਲ ਆਯੋਜਨ, ਪ੍ਰਬੰਧ ਤੇ ਸੰਚਾਲਨ ਵਿਧੀ ਸਬੰਧੀ ਚਾਨਣਾ ਪਾਇਆ ਉੱਥੇ ਹੀ "ਵਿਜ਼ਨ ਡਾਕੂਮੈਂਟ-2030" ਤਹਿਤ ਇਸ ਦਹਾਕੇ ਦੌਰਾਨ ਗੱਤਕੇ ਦੇ ਵਿਕਾਸ ਤੇ ਪ੍ਰਫੁੱਲਤਾ ਲਈ ਉਲੀਕੇ ਪ੍ਰੋਗਰਾਮਾਂ ਤੇ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਗੱਤਕਾ ਪ੍ਰਮੋਟਰ ਗਰੇਵਾਲ ਨੇ ਐਲਾਨ ਕੀਤਾ ਕਿ ਇਸ ਰਿਫਰੈਸ਼ਰ ਕੋਰਸ ਵਿੱਚੋਂ ਚੁਣੇ ਗਏ ਮੁੱਖ ਰੈਫਰੀਆਂ ਲਈ ਇੱਕ ਹਫ਼ਤੇ ਦਾ ਗੱਤਕਾ ਕਲੀਨਿਕ ਲਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਵਿਸ਼ਾ ਮਾਹਿਰ ਆਪਣੇ ਵਿਚਾਰ ਰੱਖਣਗੇ।

ਇਸ ਕੈਂਪ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਡਾਇਰੈਕਟਰ ਖੇਡਾਂ ਡਾ. ਪ੍ਰੀਤਮ ਸਿੰਘ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਟਿਆਲਾ ਮੁੱਖ ਕੋਚ, ਸੰਯੁਕਤ ਸਕੱਤਰ ਡਾ. ਪੰਕਜ ਧਮੀਜਾ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਅਤੇ ਮੁੱਖ ਰੈਫਰੀ ਬਖ਼ਸ਼ੀਸ਼ ਸਿੰਘ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਪੇਸ਼ ਕੀਤੇ। 

ਰਿਫਰੈਸ਼ਰ ਕੋਰਸ ਵਿੱਚ ਭਾਗ ਲੈਣ ਆਏ ਰੈਫਰੀਆਂ ਦੀ ਤਰਫੋਂ ਵਿਚਾਰ ਸਾਂਝੇ ਕਰਦਿਆਂ ਗੁਰਪ੍ਰੀਤ ਸਿੰਘ ਰਾਜਾ ਅੰਮ੍ਰਿਤਸਰ ਨੇ ਆਖਿਆ ਕਿ ਉਹ ਸਾਲ 2008 ਤੋਂ ਲੈ ਕੇ ਹੁਣ ਤੱਕ ਗੱਤਕਾ ਐਸੋਸੀਏਸ਼ਨ ਵੱਲੋਂ ਲਗਵਾਏ ਜਾ ਰਹੇ ਸਿਖਲਾਈ ਕੈਂਪਾਂ ਅਤੇ ਰਿਫਰੈਸ਼ਰ ਕੋਰਸਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ ਅਤੇ ਅਜਿਹੇ ਕੈਂਪਾਂ ਅਤੇ ਕੋਰਸਾਂ ਤੋਂ ਖਿਡਾਰੀਆਂ ਅਤੇ ਰੈਫਰੀਆਂ ਨੂੰ ਬਹੁਤ ਵਡਮੁੱਲੀ ਜਾਣਕਾਰੀ ਮਿਲਦੀ ਹੈ ਅਤੇ ਐਸੋਸੀਏਸ਼ਨ ਦੇ ਨਿਯਮਾਂ ਅਤੇ ਟੂਰਨਾਮੈਂਟਾਂ ਸੰਬੰਧੀ ਸੂਚਨਾਵਾਂ ਬਾਰੇ ਅਪਡੇਟ ਹੋਣ ਦਾ ਮੌਕਾ ਪ੍ਰਦਾਨ ਹੁੰਦਾ ਹੈ।

ਕੋਰਸ ਵਿਚ ਭਾਗ ਲੈਣ ਆਏ ਸਮੂਹ ਰੈਫਰੀਆਂ ਨੇ ਦੋਵੇਂ ਦਿਨ  ਗੱਤਕਾ ਗਰਾਊਂਡ ਵਿਚ ਡਿਜੀਟਲ ਸਕੋਰਬੋਰਡ ਰਾਹੀਂ ਹੋਏ ਪ੍ਰੈਕਟੀਕਲਾਂ ਵਿੱਚ ਭਾਗ ਲਿਆ ਅਤੇ ਇਸ ਕੈਂਪ ਦੇ ਆਯੋਜਨ ਉਤੇ ਖੁਸ਼ੀ ਜ਼ਾਹਰ ਕਰਦਿਆਂ ਮੰਗ ਰੱਖੀ ਕਿ ਅਜਿਹੇ ਕੋਰਸ ਦਾ ਸਮਾਂ ਇੱਕ ਹਫ਼ਤਾ ਰੱਖਿਆ ਜਾਵੇ। ਇਸ ਕੋਰਸ ਦੌਰਾਨ ਰੈਫਰੀ ਸਰਬਜੀਤ ਸਿੰਘ ਲੁਧਿਆਣਾ, ਸੁਖਚੈਨ ਸਿੰਘ ਹਰਿਆਣਾ, ਅਮਰੀਕ ਸਿੰਘ ਕਪੂਰਥਲਾ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਹਰਜਿੰਦਰ ਸਿੰਘ ਤਰਨਤਾਰਨ, ਯੋਗਰਾਜ ਸਿੰਘ ਮੋਹਾਲੀ, ਵਿਜੈਪ੍ਰਤਾਪ ਸਿੰਘ ਹੁਸ਼ਿਆਰਪੁਰ ਨੇ ਵੀ ਮਾਹਿਰਾਂ ਨਾਲ ਸਵਾਲਾਂ-ਜਵਾਬਾਂ ਦੇ ਸਮੇਂ ਦੌਰਾਨ ਖੇਡ ਦੀਆਂ ਬਾਰੀਕੀਆਂ ਨੂੰ ਸਮਝਿਆ। ਇਸ ਮੌਕੇ ਸਮੂਹ ਰੈਫਰੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਸਕੱਤਰ ਹਰਪ੍ਰੀਤ ਸਿੰਘ ਸਰਾਓ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਜੁਆਇੰਟ ਸਕੱਤਰ ਪ੍ਰਭਜੋਤ ਸਿੰਘ ਜਲੰਧਰ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਕੱਤਰ ਹਰਜਿੰਦਰ ਕੁਮਾਰ ਅਤੇ ਮੁਖਤਿਆਰ ਸਿੰਘ ਪਟਿਆਲਾ ਵੀ ਹਾਜ਼ਰ ਸਨ।