IPL ਦੀ ਸ਼ਾਨਦਾਰ ਸ਼ੁਰੂਆਤ, ਉਦਘਾਟਨੀ ਮੈਚ ’ਚ RCB ਨੇ KKR ਨੂੰ 7 ਵਿਕਟਾਂ ਨਾਲ ਹਰਾਇਆ
ਕੋਹਲੀ ਤੇ ਸਾਲਟ ਦੀਆਂ ਧਮਾਕੇਦਾਰ ਪਾਰੀਆਂ ਬਦੌਲਤ RCB ਨੇ ਪਹਿਲੇ ਮੈਚ ’ਚ ਹੀ ਕੀਤੀ ਦਮਦਾਰ ਸ਼ੁਰੂਆਤ
ਕੋਲਕਾਤਾ : ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਫਿਲ ਸਾਲਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈ.ਪੀ.ਐਲ. 2025 ਦੇ ਪਹਿਲੇ ਮੈਚ ’ਚ ਸਨਿਚਰਵਾਰ ਨੂੰ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿਤਾ।
ਕੋਹਲੀ (ਨਾਬਾਦ 59, 36ਬੀ, 4×4, 3×6) ਅਤੇ ਸਾਲਟ (56, 31 ਬੀ, 9×4, 2×6) ਨੇ ਸ਼ੁਰੂਆਤੀ ਵਿਕਟ ਲਈ ਸਿਰਫ 8.3 ਓਵਰਾਂ ’ਚ 95 ਦੌੜਾਂ ਜੋੜੀਆਂ ਜਿਸ ਨਾਲ RCB ਨੇ KKR ਦੇ 174/8 ਦੇ ਟੀਚੇ ਨੂੰ ਸਿਰਫ 16.2 ਓਵਰਾਂ ’ਚ ਹਾਸਲ ਕਰ ਲਿਆ। ਉਨ੍ਹਾਂ ਨੇ ਤਿੰਨ ਵਿਕਟਾਂ ’ਤੇ 177 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਕਪਤਾਨ ਅਜਿੰਕਿਆ ਰਹਾਣੇ ਨੇ ਸ਼ਾਨਦਾਰ 56 ਦੌੜਾਂ ਬਣਾਈਆਂ ਅਤੇ ਸੁਨੀਲ ਨਰਾਇਣ (44, 26 ਬੀ) ਨਾਲ ਦੂਜੀ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਖੱਬੇ ਹੱਥ ਦੇ ਸਪਿਨਰ ਕਰੁਣਾਲ ਪਾਂਡਿਆ (29 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ’ਚ RCB ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਦੋ ਵਿਕਟਾਂ ਮਿਲੀਆਂ।
ਸੰਖੇਪ ਸਕੋਰ: ਕੋਲਕਾਤਾ ਨਾਈਟ ਰਾਈਡਰਜ਼: 20 ਓਵਰਾਂ ’ਚ 174/8 (ਅਜਿੰਕਿਆ ਰਹਾਣੇ 56, ਸੁਨੀਲ ਨਰਾਇਣ 44, ਅੰਗਕ੍ਰਿਸ਼ ਰਘੂਵੰਸ਼ੀ 30; ਕਰੁਣਾਲ ਪਾਂਡਿਆ 3/29) ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ 16.2 ਓਵਰਾਂ ’ਚ 177/3 (ਫਿਲ ਸਾਲਟ 56, ਵਿਰਾਟ ਕੋਹਲੀ ਨਾਬਾਦ 59, ਰਜਤ ਪਾਟੀਦਾਰ 34) 7 ਵਿਕਟਾਂ ਨਾਲ ਹਾਰ ਗਏ।