ਖਾਲੀ ਸਟੇਡੀਅਮਾਂ ਵਿਚ ਹੋਵੇਗੀ ਪਾਕਿਸਤਾਨ ਟੀ20 ਕ੍ਰਿਕਟ ਲੀਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤੇਲ ਸੰਕਟ ਕਾਰਨ ਲਾਹੌਰ ਵਿਚ ਹੋਣ ਵਾਲਾ ਉਦਘਾਟਨ ਸਮਾਰੋਹ ਵੀ ਰੱਦ

Pakistan T20 Cricket League to be held in empty stadiums

ਇਸਲਾਮਾਬਾਦ: ਪਾਕਿਸਤਾਨ ਸੁਪਰ ਲੀਗ ਅਪਣੇ  ਸ਼ਡਿਊਲ ਅਨੁਸਾਰ 26 ਮਾਰਚ ਤੋਂ ਸ਼ੁਰੂ ਹੋਵੇਗੀ, ਪਰ ਦਰਸ਼ਕਾਂ ਦੇ ਬਿਨਾਂ ਅਤੇ ਸਿਰਫ਼ ਦੋ ਮੈਦਾਨਾਂ ਉਤੇ  ਹੀ ਮੈਚ ਖੇਡੇ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਐਲਾਨ ਕੀਤਾ ਕਿ ਮੱਧ-ਪੂਰਬ ਵਿਚ ਜੰਗ ਕਾਰਨ ਇੰਧਨ ਦੀ ਘਾਟ ਹੋਣ ਕਰ ਕੇ  ਲਾਹੌਰ ਵਿਚ ਹੋਣ ਵਾਲਾ ਉਦਘਾਟਨ ਸਮਾਰੋਹ ਵੀ ਰੱਦ ਕਰ ਦਿਤਾ ਗਿਆ ਹੈ।

ਲੀਗ ਪਹਿਲਾਂ ਛੇ ਸ਼ਹਿਰਾਂ ਵਿਚ ਹੋਣੀ ਸੀ, ਪਰ ਹੁਣ ਸਿਰਫ਼ ਲਾਹੌਰ ਅਤੇ ਕਰਾਚੀ ਵਿਚ ਮੈਚ ਹੋਣਗੇ। ਪਹਿਲਾ ਮੈਚ ਲਾਹੌਰ ਦੇ ਗੱਧਾਫੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਨਕਵੀ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਆਵਾਜਾਈ ਘਟਾਉਣ ਲਈ ਕਹਿ ਨਹੀਂ ਸਕਦੇ ਅਤੇ ਫਿਰ ਹਰ ਰੋਜ਼ 30,000 ਲੋਕਾਂ ਨੂੰ ਸਟੇਡੀਅਮ ਵਿਚ ਇਕੱਠਾ ਕਰੀਏ। ਜਦ ਤਕ  ਇਹ ਤੇਲ ਸੰਕਟ ਚੱਲ ਰਿਹਾ ਹੈ, ਮੈਚ ਦਰਸ਼ਕਾਂ ਦੇ ਬਿਨਾਂ ਹੀ ਹੋਣਗੇ। ਇਹ ਮੁਸ਼ਕਲ ਫ਼ੈਸਲਾ ਸੀ ਪਰ ਲਾਜ਼ਮੀ ਸੀ।’’

ਪੀਸੀਬੀ ਨੇ ਐਲਾਨ ਕੀਤਾ ਹੈ ਕਿ ਵੇਚੀਆਂ ਗਈਆਂ ਟਿਕਟਾਂ ਦੀ ਰਕਮ 72 ਘੰਟਿਆਂ ਵਿਚ ਵਾਪਸ ਕੀਤੀ ਜਾਵੇਗੀ ਅਤੇ ਫ੍ਰੈਂਚਾਈਜ਼ ਮਾਲਕਾਂ ਨੂੰ ਗੇਟ ਰਸੀਦਾਂ ਦੀ ਕਮੀ ਲਈ ਮੁਆਵਜ਼ਾ ਦਿਤਾ ਜਾਵੇਗਾ। ਰਾਵਲਪਿੰਡੀ, ਫ਼ੈਸਲਾਬਾਦ, ਮੁਲਤਾਨ ਅਤੇ ਪੇਸ਼ਾਵਰ ਵਿਚ ਇਸ ਸੀਜ਼ਨ ਕੋਈ ਮੈਚ ਨਹੀਂ ਹੋਣਗੇ। ਨਕਵੀ ਨੇ ਖ਼ਾਸ ਤੌਰ ਉਤੇ  ਪੇਸ਼ਾਵਰ ਤੋਂ ਮਾਫ਼ੀ ਮੰਗੀ, ਜਿੱਥੇ ਪਹਿਲੀ ਵਾਰ ਪੀਐਸਐਲ ਮੈਚ ਹੋਣੇ ਸਨ।

ਕਈ ਵਿਦੇਸ਼ੀ ਖਿਡਾਰੀ ਵੀ ਨਿੱਜੀ ਕਾਰਨਾਂ ਕਰ ਕੇ  ਲੀਗ ਤੋਂ ਹਟ ਗਏ ਹਨ, ਜਿਨ੍ਹਾਂ ਵਿਚ ਆਸਟ੍ਰੇਲੀਆ ਦੇ ਜੇਕ ਫ੍ਰੇਜ਼ਰ-ਮੈਕਗਰਕ ਅਤੇ ਸਪੈਂਸਰ ਜੌਨਸਨ, ਦਖਣੀ ਅਫ਼ਰੀਕਾ ਦੇ ਔਟਨੀਲ ਬਾਰਟਮੈਨ ਅਤੇ ਵੈਸਟ ਇੰਡੀਜ਼ ਦੇ ਗੁਡਾਕੇਸ਼ ਮੋਟੀ ਸ਼ਾਮਲ ਹਨ।